ਅੰਮ੍ਰਿਤਸਰ: ਸਿੰਘੂ ਬਾਰਡਰ ਤੋਂ ਦਿੱਲੀ ਪੁਲਿਸ ਵੱਲੋਂ ਚੁੱਕੇ ਸਿੱਖ ਨੌਜਵਾਨ ਰਣਜੀਤ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦਿੱਲੀ ਪੁਲਿਸ ਵੱਲੋਂ ਬੇਹੱਦ ਤਸ਼ੱਦਦ ਢਾਹਿਆ ਗਿਆ ਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਹੌਂਸਲਾ ਨਹੀਂ ਛੱਡਿਆ ਤੇ ਆਪਣੇ ਜੋਸ਼ ਤੇ ਜਜ਼ਬੇ 'ਤੇ ਕਾਬੂ ਰੱਖਿਆ।
ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਜੇਲ੍ਹ 'ਚ ਵੀ ਅੰਨ੍ਹਾ ਤਸ਼ੱਦਦ ਕੀਤਾ ਗਿਆ। ਉਹ ਪਹਿਲਾਂ ਵੀ ਕਿਸਾਨ ਅੰਦੋਲਨ 'ਚ ਯੋਗਦਾਨ ਪਾਉਣ ਗਏ ਸੀ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਚੜ੍ਹਦੀਕਲਾ ਵੱਲ ਜਾ ਰਿਹਾ ਹੈ ਤੇ ਇਹ ਹੱਕਾਂ ਦੀ ਲੜਾਈ ਜਿੰਨੀ ਮਰਜ਼ੀ ਲੰਬੀ ਚੱਲੇ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ।
ਦੱਸ ਦਈਏ ਕਿ ਰਣਜੀਤ ਸਿੰਘ ਬੀਤੇ ਦਿਨ ਤਿਹਾੜ ਜੇਲ੍ਹ 'ਚੋਂ ਰਿਹਾਅ ਹੋਏ ਤਾਂ ਸਿੱਖ ਸੰਗਤ ਨੇ ਫੁੱਲਾਂ ਦੀ ਵਰਖਾ ਤੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਵੀਰਵਾਰ ਨੂੰ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਪੁੱਜੇ।
ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕਿਸਾਨੀ ਦੀ ਲੜਾਈ ਦਸਤਾਰ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਕਿਸਾਨਾਂ ਤੇ ਸਿੱਖਾਂ ਨੂੰ ਦੇਸ਼ ਧ੍ਰੋਹੀ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਆਪਣੀ ਕਾਨੂੰਨੀ ਮਾਹਿਰਾਂ ਦੀ ਟੀਮ ਨਾਲ ਰਣਜੀਤ ਸਿੰਘ ਸਮੇਤ ਹੋਰ ਗ੍ਰਿਫਤਾਰ ਕੀਤੇ ਅਨੇਕਾਂ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਕੀਤੀ ਹੈ ਤੇ ਗੁਰੂ ਰਾਮਦਾਸ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਕਿਰਪਾ ਸਦਕਾ ਉਨ੍ਹਾਂ ਦੀਆਂ ਜ਼ਮਾਨਤਾਂ ਕਰਵਾ ਜੇਲ੍ਹਾਂ 'ਚੋਂ ਬਾਹਰ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਰਿਹਾਅ ਕਰਵਾਏ ਗਏ ਸਿੱਖ ਨੌਜਵਾਨਾਂ ਨੂੰ ਦਿੱਲੀ ਗੁ: ਕਮੇਟੀ ਵਲੋਂ 28 ਮਾਰਚ ਨੂੰ ਲਾਲ ਕਿਲ੍ਹੇ ਦੇ ਸਾਹਮਣੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਸਨਮਾਨਿਤ ਕੀਤਾ ਜਾਵੇਗਾ।