ਨਵੀਂ ਦਿੱਲੀ: ਭਗਵਾਨ ਸ਼ਿਵ ਦੀ ਚੋਰੀ ਹੋਈ ਮੂਰਤੀ ਜਲਦੀ ਹੀ ਭਾਰਤ ਪਰਤ ਰਹੀ ਹੈ। ਇਹ ਸ਼ਿਵ ਮੂਰਤੀ 1998 ਵਿੱਚ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਘਾਟੇਸ਼ਵਰ ਮੰਦਰ ਵਿੱਚ ਚੋਰੀ ਹੋਈ ਸੀ, ਜੋ ਕਿਸੇ ਤਰ੍ਹਾਂ ਬ੍ਰਿਟੇਨ ਵਿੱਚ ਰਹਿੰਦੇ ਵਿਅਕਤੀ ਤੱਕ ਪਹੁੰਚ ਗਈ। ਸਦੀਆਂ ਪੁਰਾਣੀ ਇਹ ਇਤਿਹਾਸਕ ਮੂਰਤੀ ਵੀਰਵਾਰ 30 ਜੁਲਾਈ ਨੂੰ ਭਾਰਤ ਦੇ ਪੁਰਾਤੱਤਵ ਸਰਵੇਖਣ ਵਿਭਾਗ (ਏਐਸਆਈ) ਕੋਲ ਵਾਪਸ ਪਰਤੇਗੀ।


ਖਬਰਾਂ ਮੁਤਾਬਕ ਇਹ 9ਵੀਂ ਸਦੀ ਦੀ ਮੂਰਤੀ ਨਟੇਸ਼ ਸ਼ਿਵ ਦੀ ਹੈ ਜਿਸ ਨੂੰ ਚਿਤੌੜਗੜ੍ਹ ਦੇ ਪਿੰਡ ਬਰੋਲੀ ਦੇ ਘਾਟੇਸ਼ਵਰ ਮੰਦਰ ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਮੂਰਤੀ ਫਰਵਰੀ 1998 ਵਿੱਚ ਮੰਦਰ ਤੋਂ ਚੋਰੀ ਕੀਤੀ ਗਈ ਸੀ। ਇੱਥੋਂ ਮੂਰਤੀ ਤਸਕਰੀ ਜ਼ਰੀਏ ਲੰਡਨ ਦੇ ਪ੍ਰਾਈਵੇਟ ਕੁਲੈਕਟਰ ਕੋਲ ਪਹੁੰਚ ਗਈ ਸੀ।

ਮਿਲੀ ਜਾਣਕਾਰੀ ਮੁਤਾਬਕ, ਭਾਰਤੀ ਏਜੰਸੀਆਂ ਨੇ ਇਸ ਬਾਰੇ ਬ੍ਰਿਟਿਸ਼ ਅਧਿਕਾਰੀਆਂ ਨੂੰ 2003 ਵਿੱਚ ਸੂਚਿਤ ਕੀਤਾ ਸੀ ਤੇ ਫਿਰ 2005 ਵਿੱਚ ਉਨ੍ਹਾਂ ਨੂੰ ਇਹ ਮੂਰਤੀ ਉਸ ਵਿਅਕਤੀ ਨੂੰ ਵਾਪਸ ਕਰਨ ਲਈ ਕਿਹਾ ਗਿਆ ਸੀ। ਉਸ ਨੇ ਆਪਣੀ ਮਰਜ਼ੀ ਨਾਲ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਸੌਂਪ ਦਿੱਤੀ ਸੀ।

ਉਸ ਤੋਂ ਬਾਅਦ ਇਹ ਮੂਰਤੀ ਭਾਰਤੀ ਹਾਈ ਕਮਿਸ਼ਨ ਵਿੱਚ ਰੱਖੀ ਗਈ ਸੀ ਤੇ ਇਸ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਏਐਸਆਈ ਅਧਿਕਾਰੀਆਂ ਨੇ ਸਾਲ 2017 ਵਿੱਚ ਜਾਂਚ ਤੋਂ ਬਾਅਦ ਕੀਤੀ ਸੀ। ਹੁਣ ਇੱਕ ਵਾਰ ਫਿਰ ਇਹ ਮੂਰਤੀ ਵਾਪਸ ਭਾਰਤ ਆ ਰਹੀ ਹੈ ਤੇ ਏਐਸਆਈ ਇਸ ਦਾ ਕਬਜ਼ਾ ਲੈ ਲਵੇਗੀ।

ਹੁਣ ਤੱਕ ਇਹ ਮੂਰਤੀਆਂ ਵਾਪਸ ਆਈਆਂ ਹਨ- ਦੱਸ ਦੇਈਏ ਕਿ ਵਿਦੇਸ਼ਾਂ ਤੋਂ ਹੁਣ ਤੱਕ ਚੋਰੀ ਹੋਈਆਂ ਕਈ ਮੂਰਤੀਆਂ ਵਾਪਸ ਆਈਆਂ ਹਨ। ਇਸ ਵਿੱਚ ਕ੍ਰਿਸ਼ਨ ਦੀ ਮੂਰਤੀ ਨੂੰ ਅਮਰੀਕਾ ਨੇ ਤੇ ਸਕਾਟਲੈਂਡ ਨੇ ਬੁੱਧ ਦੀ ਮੂਰਤੀ ਵਾਪਸ ਕੀਤੀ ਸੀ। ਹਾਲ ਹੀ ਵਿੱਚ 12ਵੀਂ ਸਦੀ ਦੀ ਇੱਕ ਹੋਰ ਮੂਰਤੀ ਗੁਜਰਾਤ ਵਾਪਸ ਆਈ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904