ਨਵੀਂ ਦਿੱਲੀ : ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸੜਕ ਹਾਦਸਿਆਂ ਨੂੰ ਲੈ ਕੇ ਬਹੁਤ ਗੰਭੀਰ ਹਨ। ਹਾਦਸਿਆਂ ਨੂੰ ਘੱਟ ਕਰਨ ਲਈ ਅਧਿਕਾਰੀਆਂ ਅਤੇ ਸੂਬੇ ਦੇ ਟਰਾਂਸਪੋਰਟ ਮੰਤਰੀਆਂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਾਲ 2024 ਤੱਕ ਲਗਭਗ 50 ਫ਼ੀਸਦੀ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ।


ਗਡਕਰੀ ਨੇ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਲੋਕ ਗੱਡੀ ਚਲਾਉਂਦੇ ਸਮੇਂ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਹ ਹਾਦਸੇ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਹਾਦਸਿਆਂ ਦੇ ਕਾਰਨਾਂ ਦੀ ਪੜਚੋਲ ਕਰਕੇ ਉਨ੍ਹਾਂ ਨੂੰ ਸੁਧਾਰਨਾ ਹੋਵੇਗਾ, ਜਿਸ ਨਾਲ ਹਾਦਸਿਆਂ 'ਚ ਕਮੀ ਆਵੇਗੀ। ਇਸ ਤਰ੍ਹਾਂ 2024 ਤੱਕ ਸੜਕ ਹਾਦਸਿਆਂ 'ਚ 50 ਫ਼ੀਸਦੀ ਦੀ ਕਮੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਸੇਫਟੀ ਆਡਿਟ ਦੀ ਸਿਖਲਾਈ ਦੇਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਬੰਗਲੁਰੂ 'ਚ ਸੜਕੀ ਆਵਾਜਾਈ ਮੰਤਰਾਲੇ ਦਾ 2 ਦਿਨੀਂ ਮੰਥਨ ਪ੍ਰੋਗਰਾਮ ਚੱਲ ਰਿਹਾ ਹੈ।


ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਪੀ. ਮਿਸਤਰੀ ਦੀ ਸੜਕ ਹਾਦਸੇ 'ਚ ਮੌਤ ਤੋਂ ਬਾਅਦ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ। ਇਸ ਲੜੀ 'ਚ ਪਿਛਲੀ ਸੀਟ ਬੈਲਟ ਦੇ ਨਾਲ-ਨਾਲ ਅਲਾਰਮ ਲਗਾਉਣ ਦਾ ਐਲਾਨ ਕੀਤਾ ਗਿਆ ਹੈ।


ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਟਰਾਂਸਪੋਰਟ ਰਿਸਰਚ ਵਿੰਗ ਦੀ ਰਿਪੋਰਟ ਅਨੁਸਾਰ ਸਾਲ 2020 'ਚ ਦੇਸ਼ ਵਿੱਚ ਕੁੱਲ 3,66,138 ਸੜਕ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ 'ਚ 1,31,714 ਲੋਕਾਂ ਦੀ ਮੌਤ ਹੋ ਗਈ ਅਤੇ 3,48,279 ਲੋਕ ਜ਼ਖਮੀ ਹੋਏ। ਹਾਲਾਂਕਿ ਸਾਲ 2019 ਦੇ ਮੁਕਾਬਲੇ 18 ਫ਼ੀਸਦੀ ਘੱਟ ਹਾਦਸੇ ਹੋਏ ਹਨ। ਪਰ ਇਸ ਸਾਲ ਕੋਰੋਨਾ ਆਇਆ, ਇਸ ਲਈ ਲੌਕਡਾਊਨ ਕਾਰਨ ਆਵਾਜਾਈ ਘੱਟ ਜਾਂ ਬੰਦ ਸੀ।


ਰਿਪੋਰਟ ਮੁਤਾਬਕ ਸਾਲ 2020 'ਚ ਦੇਸ਼ ਭਰ 'ਚ ਤੇਜ਼ ਰਫਤਾਰ ਕਾਰਨ 2.65 ਲੱਖ ਹਾਦਸੇ ਹੋਏ ਹਨ, ਜਿਨ੍ਹਾਂ 'ਚ 9,12,309 ਲੋਕਾਂ ਦੀ ਮੌਤ ਹੋਈ ਹੈ ਅਤੇ 2,55,663 ਲੋਕ ਜ਼ਖ਼ਮੀ ਹੋਏ ਹਨ। ਓਵਰ ਸਪੀਡ ਤੋਂ ਬਾਅਦ ਦੂਜਾ ਕਾਰਨ ਗਲਤ ਲੇਨ ਜਾਂ ਦਿਸ਼ਾ 'ਚ ਗੱਡੀ ਚਲਾਉਣਾ ਹੈ। ਕੁੱਲ ਹਾਦਸਿਆਂ ਦਾ 5.5 ਫੀਸਦੀ ਕਾਰਨ ਗਲਤ ਲੇਨ 'ਚ ਡਰਾਈਵਿੰਗ ਹੁੰਦੀ ਹੈ, ਮਤਲਬ 20.20 ਹਜ਼ਾਰ ਹਾਦਸਿਆਂ 'ਚ 7332 ਲੋਕਾਂ ਦੀ ਮੌਤ ਅਤੇ 19ਸ481 ਲੋਕ ਜ਼ਖਮੀ ਹੋਏ ਹਨ।