Road network in India: ਦੁਨੀਆ ਦੇ ਸਭ ਤੋਂ ਵੱਡੇ ਸੜਕ ਨੈੱਟਵਰਕ ਦੇ ਮਾਮਲੇ 'ਚ ਭਾਰਤ ਹੁਣ ਅਮਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਪਿਛਲੇ ਨੌਂ ਸਾਲਾਂ ਵਿੱਚ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਕਰੀਬ 54 ਹਜ਼ਾਰ ਕਿਲੋਮੀਟਰ ਨਵੇਂ ਕੌਮੀ ਮਾਰਗਾਂ ਦਾ ਜਾਲ ਵਿਛਾਇਆ ਹੈ। ਭਾਰਤ ਨੇ 1.45 ਲੱਖ ਕਿਲੋਮੀਟਰ ਸੜਕਾਂ ਬਣਾ ਕੇ ਚੀਨ ਨੂੰ ਪਛਾੜ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਸਰਕਾਰ ਵੱਲੋਂ ਪਿਛਲੇ ਨੌਂ ਸਾਲਾਂ 'ਚ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਸੜਕੀ ਨੈੱਟਵਰਕ 59 ਫੀਸਦੀ ਵਧਿਆ ਹੈ ਤੇ ਦੁਨੀਆ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ।
ਕਿਹੜੇ ਦੇਸ਼ ਵਿੱਚ ਕਿੰਨੇ ਸੜਕਾਂ ਦਾ ਜਾਲ
ਅਮਰੀਕਾ 68 ਲੱਖ ਤਿੰਨ ਹਜ਼ਾਰ 479
ਭਾਰਤ 63 ਲੱਖ 72 ਹਜ਼ਾਰ 613
ਚੀਨ 51 ਲੱਖ 98 ਹਜ਼ਾਰ
ਨਿਤਿਨ ਗਡਕਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਦਾ ਸੜਕ ਨੈੱਟਵਰਕ ਲਗਪਗ ਇੱਕ ਲੱਖ 45 ਹਜ਼ਾਰ 240 ਕਿਲੋਮੀਟਰ ਹੈ ਜਦੋਂਕਿ ਵਿੱਤੀ ਸਾਲ 2013-14 ਵਿੱਚ ਇਹ ਸਿਰਫ਼ 91 ਹਜ਼ਾਰ 287 ਕਿਲੋਮੀਟਰ ਸੀ। ਇਸ ਵਿੱਚ 44 ਹਜ਼ਾਰ ਤੋਂ ਵੱਧ ਦੋ ਮਾਰਗੀ ਹਾਈਵੇਅ ਨੂੰ ਚਾਰ ਲੇਨ ਵਿੱਚ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਚਾਰ ਮਾਰਗੀ ਕੌਮੀ ਮਾਰਗਾਂ ਦੀ ਲੰਬਾਈ ਦੁੱਗਣੀ ਹੋ ਗਈ ਹੈ। 2013-14 ਵਿੱਚ ਚਾਰ ਮਾਰਗੀ ਹਾਈਵੇਅ ਦੀ ਲੰਬਾਈ 18 ਹਜ਼ਾਰ 371 ਕਿਲੋਮੀਟਰ ਸੀ ਜੋ ਵਧ ਕੇ 44 ਹਜ਼ਾਰ 657 ਕਿਲੋਮੀਟਰ ਹੋ ਗਈ।
ਗਡਕਰੀ ਨੇ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਭਾਰਤ ਨੇ ਕਈ ਰਾਸ਼ਟਰੀ ਰਾਜਮਾਰਗ ਤੇ ਐਕਸਪ੍ਰੈਸਵੇਅ ਦਾ ਨਿਰਮਾਣ ਕੀਤਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਲੰਬੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦਾ ਨਿਰਮਾਣ ਲਗਪਗ ਪੂਰਾ ਕਰ ਲਿਆ ਹੈ। ਇਸ ਤੋਂ ਇਲਾਵਾ ਸਰਕਾਰ ਸੈਟੇਲਾਈਟ ਆਧਾਰਤ ਟੋਲ ਟੈਕਸ ਤਕਨੀਕ 'ਤੇ ਕੰਮ ਕਰ ਰਹੀ ਹੈ। ਇਸ 'ਚ ਹਾਈਵੇ 'ਤੇ ਜਿੰਨੇ ਕਿਲੋਮੀਟਰ ਵਾਹਨ ਚੱਲਣਗੇ, ਉਸ ਲਈ ਟੋਲ ਦੇਣਾ ਹੋਵੇਗਾ। ਇਸ ਦੀ ਖਾਸੀਅਤ ਇਹ ਹੈ ਕਿ ਇਸ ਤਕਨੀਕ ਨਾਲ ਟੋਲ ਪਲਾਜ਼ਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ।
ਗਡਕਰੀ ਨੇ ਦੱਸਿਆ ਕਿ ਸਰਕਾਰ ਉੱਤਰ-ਪੂਰਬੀ ਰਾਜਾਂ ਵਿੱਚ 2 ਲੱਖ ਕਰੋੜ ਰੁਪਏ ਦੇ ਹਾਈਵੇ ਪ੍ਰੋਜੈਕਟ ਬਣਾ ਰਹੀ ਹੈ। ਜੰਮੂ-ਕਸ਼ਮੀਰ, ਲੱਦਾਖ, ਉੱਤਰ ਪੂਰਬ ਦੇ ਰਾਜਾਂ ਵਿੱਚ ਦੋ ਲੱਖ ਕਰੋੜ ਰੁਪਏ ਦੇ ਸੁਰੰਗ ਪ੍ਰਾਜੈਕਟ ਚੱਲ ਰਹੇ ਹਨ। ਗਡਕਰੀ ਨੇ ਕਿਹਾ ਕਿ ਸਰਕਾਰ ਰੁੱਖਾਂ ਨੂੰ ਕੱਟਣ ਦੀ ਬਜਾਏ ਹੁਣ ਰਾਸ਼ਟਰੀ ਰਾਜ ਮਾਰਗਾਂ ਦੇ ਨਿਰਮਾਣ ਵਿੱਚ ਉਨ੍ਹਾਂ ਨੂੰ ਪੁੱਟ ਕੇ ਹੋਰ ਥਾਂ ਲਾ ਰਹੀ ਹੈ। ਇਸ ਤਹਿਤ 68 ਹਜ਼ਾਰ ਰੁੱਖ ਲਗਾਏ ਗਏ ਹਨ। ਸਰਕਾਰ ਨੇ ਹਾਈਵੇਅ ਨਿਰਮਾਣ ਵਿੱਚ 1500 ਅੰਮ੍ਰਿਤ ਸਰੋਵਰ (ਤਾਲਾਬ) ਬਣਾਏ ਹਨ। ਇਸ ਤੋਂ ਇਲਾਵਾ ਦਿੱਲੀ ਰਿੰਗ ਰੋਡ ਦੇ ਨਿਰਮਾਣ ਵਿੱਚ 30 ਲੱਖ ਟਨ ਕੂੜਾ ਵਰਤਿਆ ਗਿਆ ਸੀ।
NHAI ਰਿਕਾਰਡ ਬਣਾ ਰਿਹਾ
ਗਡਕਰੀ ਨੇ NHAI ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ, ਜਿਸ ਨੇ ਇਸ ਸਮੇਂ ਦੌਰਾਨ ਸੱਤ ਵਿਸ਼ਵ ਰਿਕਾਰਡ ਬਣਾਏ। NHAI ਨੇ ਇਸ ਸਾਲ ਮਈ ਵਿੱਚ ਇੱਕ ਨਵਾਂ 100 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ 100 ਘੰਟਿਆਂ ਵਿੱਚ ਪੂਰਾ ਕੀਤਾ। ਇਹ ਇਤਿਹਾਸਕ ਪ੍ਰਾਪਤੀ ਉੱਤਰ ਪ੍ਰਦੇਸ਼ ਵਿੱਚ ਬਣ ਰਹੇ ਗਾਜ਼ੀਆਬਾਦ-ਅਲੀਗੜ੍ਹ ਐਕਸਪ੍ਰੈਸ ਵੇਅ ਦੇ ਨਿਰਮਾਣ ਦੌਰਾਨ ਹਾਸਲ ਹੋਈ। ਪਿਛਲੇ ਸਾਲ ਅਗਸਤ ਵਿੱਚ, NHAI ਨੇ 105 ਘੰਟੇ ਤੇ 33 ਮਿੰਟ ਦੇ ਰਿਕਾਰਡ ਸਮੇਂ ਵਿੱਚ ਮਹਾਰਾਸ਼ਟਰ ਦੇ ਅਮਰਾਵਤੀ ਤੇ ਅਕੋਲਾ ਦੇ ਵਿਚਕਾਰ 75 ਕਿਲੋਮੀਟਰ ਬਿਟੂਮਿਨਸ ਕੰਕਰੀਟ ਸੜਕ ਦਾ ਨਿਰਮਾਣ ਕਰਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ।
ਟੋਲ ਮਾਲੀਆ ਵਧਿਆ
ਪਿਛਲੇ ਨੌਂ ਸਾਲਾਂ ਵਿੱਚ ਟੋਲ ਮਾਲੀਆ 4,770 ਕਰੋੜ ਰੁਪਏ ਤੋਂ ਵਧ ਕੇ 41,342 ਕਰੋੜ ਰੁਪਏ ਹੋ ਗਿਆ। ਸਰਕਾਰ ਸਾਲ 2030 ਤੱਕ ਟੋਲ ਮਾਲੀਆ ਵਧਾ ਕੇ 1.30 ਲੱਖ ਕਰੋੜ ਰੁਪਏ ਕਰਨ ਦਾ ਇਰਾਦਾ ਰੱਖਦੀ ਹੈ। ਟੋਲ ਉਗਰਾਹੀ ਲਈ ਫਾਸਟੈਗ ਸਿਸਟਮ ਦੀ ਵਰਤੋਂ ਨੇ ਟੋਲ ਪਲਾਜ਼ਿਆਂ 'ਤੇ ਵਾਹਨਾਂ ਦਾ ਉਡੀਕ ਸਮਾਂ ਘਟਾ ਕੇ 47 ਸਕਿੰਟ ਕਰ ਦਿੱਤਾ ਹੈ। ਸਰਕਾਰ ਇਸ ਸਮੇਂ ਨੂੰ 30 ਸਕਿੰਟਾਂ ਦੇ ਅੰਦਰ ਹੇਠਾਂ ਲਿਆਉਣ ਲਈ ਕੁਝ ਹੋਰ ਕਦਮ ਚੁੱਕ ਰਹੀ ਹੈ।