ਗੁਹਾਟੀ: ਆਸਾਮ ਦੇ ਦੋ ਦਿਨਾ ਦੌਰੇ 'ਤੇ ਪਹੁੰਚੇ ਆਰਐਸਐਸ (RSS) ਮੁਖੀ ਮੋਹਨ ਭਾਗਵਤ ਨੇ ਹੁਣ ਮੁਸਲਮਾਨਾਂ ਤੇ ਪਾਕਿਸਤਾਨ ਬਾਰੇ ਨਵਾਂ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਵਿਵਾਦ ਵੀ ਛਿੜ ਗਿਆ ਹੈ। ਸੰਘ ਦੇ ਮੁਖੀ ਨੇ ਕਿਹਾ ਕਿ 1930 ਤੋਂ ਯੋਜਨਾਬੱਧ ਢੰਗ ਨਾਲ ਭਾਰਤ ਵਿੱਚ ਮੁਸਲਮਾਨਾਂ ਦੀ ਗਿਣਤੀ ਵਧਾਉਣ ਦੇ ਯਤਨ ਕੀਤੇ ਜਾ ਰਹੇ ਸਨ। ਇਸ ਦੇ ਪਿੱਛੇ ਵਿਚਾਰ ਇਹ ਸੀ ਕਿ ਅਬਾਦੀ ਵਧਾਉਣ ਨਾਲ ਉਹ ਆਪਣਾ ਦਬਦਬਾ ਵਧਾਉਣਗੇ ਤੇ ਇਸ ਦੇਸ਼ ਨੂੰ ਪਾਕਿਸਤਾਨ ਬਣਾ ਦੇਣਗੇ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬੰਗਾਲ, ਅਸਾਮ ਤੇ ਸਿੰਧ ਨੂੰ ਪਾਕਿਸਤਾਨ ਬਣਾਉਣ ਦੀ ਯੋਜਨਾ ਸੀ। ਇਹ ਯੋਜਨਾ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੀ ਸੀ ਪਰ ਵੰਡ ਤੋਂ ਬਾਅਦ ਪਾਕਿਸਤਾਨ ਬਣ ਗਿਆ ਸੀ। ਭਾਗਵਤ ਪਿਛਲੇ ਦਿਨਾਂ ਤੋਂ ਮੁਲਸਮਾਨਾਂ ਬਾਰੇ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ ਜਿਸ ਕਰਕੇ ਨਿੱਤ ਨਵਾਂ ਵਿਵਾਦ ਖੜ੍ਹਾ ਹੋ ਰਿਹਾ ਹੈ।
ਇਸ ਤੋਂ ਪਹਿਲਾਂ 4 ਜੁਲਾਈ ਨੂੰ ਇੱਕ ਕਿਤਾਬ ਦੀ ਲਾਂਚਿੰਗ ਸਮੇਂ ਭਾਗਵਤ ਨੇ ਕਿਹਾ ਸੀ, "ਜੇ ਕੋਈ ਹਿੰਦੂ ਕਹਿੰਦਾ ਹੈ ਕਿ ਇੱਥੇ ਕੋਈ ਮੁਸਲਮਾਨ ਨਹੀਂ ਰਹਿ ਸਕਦਾ, ਤਾਂ ਉਹ ਹਿੰਦੂ ਨਹੀਂ।" ਗਊ ਇੱਕ ਪਵਿੱਤਰ ਜਾਨਵਰ ਹੈ, ਪਰ ਜੋ ਲੋਕ ਇਸ ਦੇ ਨਾਮ ਤੇ ਦੂਜਿਆਂ ਨੂੰ ਮਾਰ ਰਹੇ ਹਨ, ਉਹ ਹਿੰਦੂਤਵ ਦੇ ਵਿਰੁੱਧ ਹਨ। ਅਜਿਹੇ ਮਾਮਲਿਆਂ ਵਿੱਚ ਕਾਨੂੰਨ ਨੂੰ ਆਪਣਾ ਰਾਹ ਅਪਣਾਉਣਾ ਚਾਹੀਦਾ ਹੈ। ਸਾਰੇ ਭਾਰਤੀਆਂ ਦਾ ਡੀਐਨਏ ਇੱਕੋ ਜਿਹਾ ਹੈ, ਚਾਹੇ ਕੋਈ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ।
ਇਸ ਬਾਰੇ ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ ਸੀ, “ਆਰਐਸਐਸ ਦੇ ਭਾਗਵਤ ਨੇ ਕਿਹਾ ਸੀ ਕਿ ਲਿੰਚਿੰਗ ਹਿੰਦੂਵਾਦ ਵਿਰੋਧੀ ਹੈ। ਇਹ ਅਪਰਾਧੀ ਗਊ ਤੇ ਮੱਝ ਵਿਚਕਾਰ ਫ਼ਰਕ ਨਹੀਂ ਜਾਣਦੇ ਸਨ ਪਰ ਜੁਨੈਦ, ਅਖਲਾਕ, ਪਹਿਲੂ, ਰੱਕੜ, ਅਲੀਮੂਦੀਨ ਦੇ ਨਾਂ ਹੀ ਉਨ੍ਹਾਂ ਨੂੰ ਮਾਰਨ ਲਈ ਕਾਫ਼ੀ ਸਨ। ਇਹ ਨਫ਼ਰਤ ਹਿੰਦੂਤਵ ਦੀ ਉਪਜ ਹੈ।
ਇਸੇ ਤਰ੍ਹਾਂ ਦਿਗਵਿਜੇ ਸਿੰਘ ਨੇ ਭਾਗਵਤ ਦੇ ਬਿਆਨ 'ਤੇ ਵੀ ਟਿੱਪਣੀ ਕੀਤੀ ਸੀ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਸੀ,' ਮੋਹਨ ਭਾਗਵਤ ਜੀ, ਕੀ ਤੁਸੀਂ ਆਪਣੇ ਚੇਲਿਆਂ, ਪ੍ਰਚਾਰਕਾਂ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਵਰਕਰਾਂ ਨੂੰ ਵੀ ਇਹ ਵਿਚਾਰ ਦਿਓਗੇ? ਕੀ ਤੁਸੀਂ ਇਹ ਸਿੱਖਿਆ ਮੋਦੀ-ਸ਼ਾਹ ਜੀ ਤੇ ਭਾਜਪਾ ਦੇ ਮੁੱਖ ਮੰਤਰੀ ਨੂੰ ਵੀ ਦਿਓਗੇ?'
ਦਰਅਸਲ, ਬੁੱਧਵਾਰ ਨੂੰ ਮੋਹਨ ਭਾਗਵਤ ਨੇ ਗੁਹਾਟੀ ਵਿੱਚ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਦੀ ਮੌਜੂਦਗੀ ਵਿਚ ਐਨਆਰਸੀ-ਸੀਏਏ (CAA-NRC) ਉੱਤੇ ਇੱਕ ਕਿਤਾਬ ਲਾਂਚ ਕੀਤੀ। ਉਨ੍ਹਾਂ ਸੀਏਏ-ਐਨਆਰਸੀ (CAA-NRC) 'ਤੇ ਮੁਸਲਮਾਨਾਂ ਦੇ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਐਨਆਰਸੀ-ਸੀਏਏ ਨੂੰ ਹਿੰਦੂ-ਮੁਸਲਿਮ ਵੰਡ ਵਜੋਂ ਪੇਸ਼ ਕਰਨਾ ਇਕ ਰਾਜਨੀਤਿਕ ਸਾਜਿਸ਼ ਹੈ। ਇਹ ਰਾਜਨੀਤਕ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ।
ਭਾਗਵਤ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਨੇ ਕਿਹਾ ਸੀ ਕਿ ਘੱਟ ਗਿਣਤੀਆਂ ਦਾ ਧਿਆਨ ਰੱਖਿਆ ਜਾਵੇਗਾ ਤੇ ਹੁਣ ਤੱਕ ਅਜਿਹਾ ਕੀਤਾ ਗਿਆ ਹੈ। ਅਸੀਂ ਵੀ ਅਜਿਹਾ ਕਰਦੇ ਰਹਾਂਗੇ। ਸੀਏਏ ((CAA) ਕਾਰਨ ਕਿਸੇ ਵੀ ਮੁਸਲਮਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਸਿਟੀਜ਼ਨਸ਼ਿਪ ਐਕਟ ਲਿਆਂਦਾ ਜਾ ਰਿਹਾ ਹੈ ਤਾਂ ਜੋ ਗੁਆਂਢੀ ਦੇਸ਼ਾਂ ਵਿਚ ਪਰੇਸ਼ਾਨ ਘੱਟ-ਗਿਣਤੀਆਂ ਨੂੰ ਅੱਤਿਆਚਾਰਾਂ ਤੋਂ ਬਚਾਇਆ ਜਾ ਸਕੇ। ਜੇ ਬਹੁ ਗਿਣਤੀ ਵੀ ਕਿਸੇ ਡਰ ਕਾਰਨ ਸਾਡੇ ਦੇਸ਼ ਆਉਣਾ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ਦੀ ਵੀ ਸਹਾਇਤਾ ਕਰਾਂਗੇ।