ਨਵੀਂ ਦਿੱਲੀ: ਸਬੰਧਤ ਬੈਂਕਾਂ ਨੂੰ ਆਪਣੇ ਵਿੱਚ ਸਮਾ ਲੈਣ ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸ.ਬੀ.ਆਈ. ਨੇ ਨਕਦੀ ਦੇ ਲੈਣ-ਦੇਣ 'ਤੇ ਲਗਾਏ ਜ਼ੁਰਮਾਨਿਆਂ ਤੋਂ ਚੋਖੀ ਕਮਾਈ ਕਰ ਲਈ ਹੈ। ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਤੋਂ ਇਹ ਸਾਮ੍ਹਣੇ ਆਇਆ ਹੈ ਕਿ ਭਾਰਤੀ ਸਟੇਟ ਬੈਂਕ ਨੇ 388.74 ਲੱਖ ਖਾਤਿਆਂ ਤੋਂ 235.06 ਕਰੋੜ ਰੁਪਏ ਸਿਰਫ ਇਨ੍ਹਾਂ ਜ਼ੁਰਮਾਨਿਆਂ ਤੋਂ ਹੀ ਵਸੂਲ ਲਏ ਹਨ।
ਬੈਂਕ ਨੇ ਇਹ ਪੈਸਾ ਉਨ੍ਹਾਂ ਖਪਤਕਾਰਾਂ ਤੋਂ ਵਸੂਲਿਆ ਹੈ ਜਿਨ੍ਹਾਂ ਨੇ ਆਪਣੇ ਖਾਤੇ ਵਿੱਚ ਘੱਟੋ-ਘੱਟ ਰਕਮ ਨਹੀਂ ਸੀ ਰੱਖੀ। ਹਾਲਾਂਕਿ, ਬੈਂਕ ਨੇ ਇਹ ਨਹੀਂ ਦੱਸਿਆ ਕਿ ਇਹ ਰਾਸ਼ੀ ਕਿਸ-ਕਿਸ ਕਿਸਮ ਦੇ ਖਾਤਿਆਂ ਤੋਂ ਪ੍ਰਾਪਤ ਕੀਤੀ ਹੈ।
ਦੱਸਣਾ ਬਣਦਾ ਹੈ ਕਿ 1 ਅਪ੍ਰੈਲ 2017 ਨੂੰ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਸਬੰਧਤ ਬੈਂਕਾਂ ਨੂੰ, ਜਿਨ੍ਹਾਂ ਵਿੱਚ ਸਟੇਟ ਬੈਂਕ ਆਫ਼ ਪਟਿਆਲਾ, ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ਼ ਹੈਦਰਾਬਾਦ, ਸਟੇਟ ਬੈਂਕ ਆਫ਼ ਮੈਸੂਰ, ਸਟੇਟ ਬੈਂਕ ਆਫ਼ ਤ੍ਰਾਵੰਕੋਰ ਤੋਂ ਇਲਾਵਾ ਭਾਰਤੀ ਮਹਿਲਾ ਬੈਂਕ ਨੂੰ ਆਪਣੇ ਵਿੱਚ ਸਮਾ ਲਿਆ ਸੀ। ਇਸ ਤੋਂ ਬਾਅਦ ਐਸ.ਬੀ.ਆਈ. ਦੇਸ਼ ਦਾ ਸਭ ਤੋਂ ਵੱਡਾ ਅਤੇ ਦੁਨੀਆ ਦੇ ਸਿਖਰਲੇ 50 ਬੈਂਕਾਂ ਵਿੱਚ ਆ ਗਿਆ ਹੈ।
ਬੈਂਕ ਮੁਤਾਬਕ ਨਕਦ-ਰਹਿਤ ਲੈਣ ਦੇਣ ਵਧਾਉਣ ਲਈ ਖਾਤੇ ਵਿੱਚੋਂ ਕਿਸੇ ਵੀ ਤਰੀਕੇ ਨਾਲ ਨਕਦੀ ਕਢਵਾਉਣ ਤੇ ਜਮ੍ਹਾਂ ਕਰਵਾਉਣ 'ਤੇ ਵਾਧੂ ਫੀਸ ਜਾਂ ਜ਼ੁਰਮਾਨਾ ਲੱਗੇਗਾ। ਇਸ ਤੋਂ ਇਲਾਵਾ ਬੈਂਕ ਨੇ ਵੱਖ-ਵੱਖ ਥਾਵਾਂ ਦੇ ਹਿਸਾਬ ਨਾਲ ਹਰ ਖਾਤਾਧਾਰਕ ਲਈ ਆਪਣੇ ਖਾਤੇ ਵਿੱਚ ਘੱਟੋ-ਘੱਟ ਪੈਸੇ ਰੱਖੇ ਜਾਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਅਜਿਹਾ ਨਾ ਕਰਨ ਵਾਲੇ ਗਾਹਕਾਂ ਨੂੰ ਬੈਂਕ ਵੱਲੋਂ ਜ਼ੁਰਮਾਨਾ ਲਗਾਇਆ ਜਾਂਦਾ ਹੈ ਅਤੇ ਇਸੇ ਜ਼ੁਰਮਾਨੇ ਤੋਂ ਹੀ ਬੈਂਕ ਨੇ 3 ਮਹੀਨਿਆਂ ਵਿੱਚ ਹੀ ਸਵਾ ਦੋ ਸੌ ਕਰੋੜ ਤੋਂ ਵੀ ਵੱਧ ਪੈਸੇ ਇਕੱਠੇ ਕਰ ਲਏ।