ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਗੋਦਾਵਰੀ ਨਦੀ ਵਿੱਚ ਇੱਕ ਯਾਤਰੀ ਕਿਸ਼ਤੀ ਡੁੱਬ ਗਈ। ਇਸ ਵਿੱਚ ਕਈ ਲੋਕਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਹੁਣ ਤਕ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ 23 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਲੋਕ ਅਜੇ ਵੀ ਲਾਪਤਾ ਹਨ। ਗੋਦਾਵਰੀ ਨਦੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੀ ਪਾਣੀ ਚੜ੍ਹਿਆ ਹੋਇਆ ਹੈ।
ਪੂਰਬੀ ਗੋਦਾਵਰੀ ਜ਼ਿਲ੍ਹਾ ਪੁਲਿਸ ਸੁਪਰਡੈਂਟ ਅਦਨਾਨ ਅਸਮੀ ਨੇ ਦੱਸਿਆ ਕਿ ਉਹ ਵਧੇਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸ਼ਤੀ ਦੇ ਪਲਟਣ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਰਾਹਤ ਤੇ ਬਚਾਅ ਕਾਰਜਾਂ ਨੂੰ ਤੇਜ਼ ਕੀਤਾ ਜਾਵੇ। ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਸੈਰ ਸਪਾਟਾ ਮੰਤਰੀ ਅਵੰਤੀ ਸ੍ਰੀਨਿਵਾਸ ਘਟਨਾ ਵਾਲੀ ਥਾਂ 'ਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਟੂਰਿਜ਼ਮ ਡਿਵਲਪਮੈਂਟ ਕਾਰਪੋਰੇਸ਼ਨ ਦੁਆਰਾ ਚਲਾਈ ਗਈ ਕਿਸ਼ਤੀ ਵਿੱਚ ਚਾਲਕ ਦਲ ਦੇ 11 ਮੈਂਬਰਾਂ ਸਮੇਤ ਲਗਪਗ 60 ਲੋਕ ਸਵਾਰ ਸਨ। ਕਿਸ਼ਤੀ ਕਚੂਲੁਰੂ ਦੇ ਨਜ਼ਦੀਪ ਪਲਟੀ। ਇਹ ਕਿਸ਼ਤੀ ਗੰਡੀਪੋਚਮਾ ਤੋਂ ਪਾਪੀਕੋਂਡਾ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿੱਚ ਸਵਾਰ ਜ਼ਿਆਦਾਤਰ ਯਾਤਰੀਆਂ ਨੇ ਲਾਈਪ ਜੈਕਿਟ ਪਹਿਨੀ ਹੋਈ ਹੈ।