ਨਵੀਂ ਦਿੱਲੀ: ਦਿੱਲੀ ਏਅਰਪੋਰਟ 'ਤੇ ਸੋਨੇ ਦੀ ਤਸਕਰੀ ਨਾਲ ਜੁੜੀਆਂ ਤਿੰਨ ਵੱਖ-ਵੱਖ ਘਟਨਾਵਾਂ 'ਚ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਬਤ ਕੀਤੇ ਸੋਨੇ ਦੀ ਕੀਮਤ ਕਰੀਬ ਤਿੰਨ ਕਰੋੜ ਰੁਪਏ ਹੈ।


ਪਹਿਲੀ ਘਟਨਾ ਵਿੱਚ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੁਬਈ ਤੋਂ ਇੱਥੇ ਪਹੁੰਚੇ ਦੋ ਯਾਤਰੀਆਂ ਨੂੰ ਰੋਕਿਆ। ਅਧਿਕਾਰੀਆਂ ਨੇ ਦੱਸਿਆ ਕਿ ਚੰਗੀ ਤਰ੍ਹਾਂ ਤਲਾਸ਼ੀ ਲੈਣ ਤੋਂ ਬਾਅਦ ਉਨ੍ਹਾਂ ਕੋਲੋਂ ਚਾਰ ਪਾਰਦਰਸ਼ੀ ਬੈਗ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ 1,139 ਗ੍ਰਾਮ ਭਾਰ ਵਾਲਾ ਇੱਕ ਭੂਰੇ ਰੰਗ ਦਾ ਪਦਾਰਥ ਭਰਿਆ ਗਿਆ ਸੀ। ਇਸ 'ਤੇ ਸ਼ੱਕ ਹੋਇਆ ਕਿ ਇਹ ਰਸਾਇਣਿਕ ਪੇਸਟ ਦੇ ਰੂਪ ਵਿੱਚ ਸੋਨਾ ਭਰਿਆ ਗਿਆ ਹੈ।


ਉਨ੍ਹਾਂ ਦੱਸਿਆ ਕਿ ਇਸ ਪੇਸਟ ਵਿਚੋਂ 584.4 ਗ੍ਰਾਮ ਸੋਨਾ ਨਿਕਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸੋਨੇ ਦਾ ਇੱਕ ਲਾਕੇਟ (22 ਗ੍ਰਾਮ) ਤੇ ਸੋਨੇ ਦੀ ਇੱਕ ਚਾਬੀ ਵੀ ਮਿਲੀ ਜਿਸ 'ਤੇ ਚਾਂਦੀ ਦਾ ਪਾਣੀ ਚੜ੍ਹਾਇਆ ਗਿਆ ਸੀ। ਉਨ੍ਹਾਂ ਮੰਨਿਆ ਕਿ ਸਤੰਬਰ, 2017 ਤੋਂ ਸਤੰਬਰ 2019 ਦੇ ਵਿਚਕਾਰ ਉਨ੍ਹਾਂ 1.08 ਕਰੋੜ ਰੁਪਏ ਦੇ ਵਪਾਰਕ ਸਾਮਾਨ ਦੀ ਤਸਕਰੀ ਕੀਤੀ ਹੈ।


ਇੱਕ ਵੱਖਰੇ ਕੇਸ ਵਿੱਚ, ਦੁਬਈ ਤੋਂ ਵਾਪਸ ਆਏ ਦੋ ਭਾਰਤੀਆਂ ਤੇ ਉਸ ਦੇ ਸਾਮਾਨ ਦੀ ਤਲਾਸ਼ੀ ਵਿੱਚ 2,568 ਗ੍ਰਾਮ ਵਜ਼ਨ ਦੇ ਦੋ ਸੋਨੇ ਦੇ ਕੰਗਣ ਤੇ ਦੋ ਸੋਨੇ ਦੀਆਂ ਚੇਨਾਂ ਬਰਾਮਦ ਹੋਈਆਂ ਜਿਨ੍ਹਾਂ ਦੀ ਕੀਮਤ 92,72,740 ਰੁਪਏ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਸਾਥੀ ਜੋ ਉਨ੍ਹਾਂ ਨੂੰ ਏਅਰਪੋਰਟ ਲੈਣ ਪਹੁੰਚੇ ਸੀ, ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।


ਤੀਜੇ ਕੇਸ ਵਿੱਚ ਦੋ ਕੇਂਦਰੀ ਏਸ਼ੀਆਈ ਮਹਿਲਾਵਾਂ ਨੂੰ 1.8 ਕਰੋੜ ਰੁਪਏ ਦੇ ਪੰਜ ਕਿਲੋਗ੍ਰਾਮ ਸੋਨੇ ਦੀ ਕਥਿਤ ਤਸਕਰੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਮਹਿਲਾਵਾਂ ਕਿਰਗਿਸਤਾਨ ਅਤੇ ਕਜ਼ਾਕਿਸਤਾਨ ਤੋਂ ਆਈਆਂ ਹਨ। ਇਹ ਦੋਵੇਂ ਬੁੱਧਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਪਹੁੰਚੀਆਂ, ਜਿੱਥੋਂ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ।