Aftab Narco Test : ਦਿੱਲੀ ਦੇ ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਪੂਨਾਵਾਲ ਦਾ ਅੱਜ ਨਾਰਕੋ ਟੈਸਟ ਹੋਵੇਗਾ। ਇਸ ਤੋਂ ਪਹਿਲਾਂ ਆਫਤਾਬ ਦਾ ਪੌਲੀਗ੍ਰਾਫ ਟੈਸਟ ਕੀਤਾ ਗਿਆ ਸੀ, ਜਿਸ 'ਚ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਦਾ ਗਠਨ ਵੀ ਕੀਤਾ ਹੈ। ਦੂਜੇ ਪਾਸੇ ਆਫਤਾਬ ਦੇ ਬਿਆਨਾਂ ਅਤੇ ਹੁਣ ਤੱਕ ਕੀਤੀ ਗਈ ਜਾਂਚ ਦੇ ਆਧਾਰ 'ਤੇ ਛਤਰਪੁਰ ਅਤੇ ਗੁਰੂਗ੍ਰਾਮ ਦੇ ਜੰਗਲਾਂ 'ਚ ਦੁਬਾਰਾ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਲਾਸ਼ ਦੇ ਟੁਕੜੇ ਜਾਂ ਹੋਰ ਸਬੂਤ ਬਰਾਮਦ ਕੀਤੇ ਜਾ ਸਕਣ।
29 ਨਵੰਬਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਰੋਹਿਣੀ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਸੀ) ਵਿੱਚ ਆਫਤਾਬ ਅਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਪੂਨਾਵਾਲਾ ਦੇ ਵਕੀਲ ਅਬਿਨਾਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ 1 ਦਸੰਬਰ ਅਤੇ 5 ਦਸੰਬਰ ਨੂੰ ਮੁਲਜ਼ਮਾਂ ਨੂੰ ਰੋਹਿਣੀ ਸਥਿਤ ਲੈਬਾਰਟਰੀ ’ਚ ਲਿਜਾਣ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।
ਸਖ਼ਤ ਸੁਰੱਖਿਆ ਪ੍ਰਬੰਧ, ਸੋਮਵਾਰ ਨੂੰ ਹੋਇਆ ਸੀ ਹਮਲਾ
ਪੂਨਾਵਾਲਾ ਨੂੰ ਲੈ ਕੇ ਜਾ ਰਹੀ ਪੁਲਿਸ ਵੈਨ 'ਤੇ ਸੋਮਵਾਰ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਨੇ ਐਫਐਸਐਲ ਦੇ ਬਾਹਰ ਹਮਲਾ ਕੀਤਾ ਸੀ, ਜਿਨ੍ਹਾਂ ਵਿੱਚੋਂ ਕੁਝ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਘਟਨਾ ਦੇ ਮੱਦੇਨਜ਼ਰ ਲੈਬਾਰਟਰੀ ਨੇੜੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੂਨਾਵਾਲਾ ਨੂੰ ਸੋਮਵਾਰ ਨੂੰ ਪੌਲੀਗ੍ਰਾਫ ਟੈਸਟ ਲਈ ਐਫਐਸਐਲ ਲਿਜਾਇਆ ਗਿਆ ਸੀ ਜਦੋਂ ਉਸ ਉੱਤੇ ਹਮਲਾ ਹੋਇਆ ਸੀ।
ਪੋਲੀਗ੍ਰਾਫ਼ ਟੈਸਟ ਵਿੱਚ ਕੀਤਾ ਕਬੂਲ
ਪੋਲੀਗ੍ਰਾਫ਼ ਟੈਸਟ ਵਿੱਚ ਆਫਤਾਬ ਪੂਨਾਵਾਲਾ ਨੇ ਅਪਰਾਧ ਕਬੂਲ ਕਰ ਲਿਆ ਹੈ। ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਕਈ ਸੈਸ਼ਨਾਂ ਤੋਂ ਬਾਅਦ ਮੰਗਲਵਾਰ ਨੂੰ ਪੋਲੀਗ੍ਰਾਫ ਟੈਸਟ ਖਤਮ ਹੋ ਗਿਆ। ਉਸ ਨੇ ਕਿਹਾ, "ਮੁਲਜ਼ਮ ਨੇ ਸ਼ਰਧਾ ਵਾਕਰ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰਨ ਅਤੇ ਕਈ ਖੇਤਰਾਂ ਵਿੱਚ ਸੁੱਟਣ ਦੀ ਗੱਲ ਕਬੂਲ ਕੀਤੀ ਹੈ।"
ਸ਼ਰਧਾ ਦਾ ਕਤਲ ਅਤੇ 35 ਟੁਕੜੇ
28 ਸਾਲਾ ਆਫਤਾਬ ਪੂਨਾਵਾਲਾ 'ਤੇ ਆਪਣੀ 'ਲਿਵ-ਇਨ ਪਾਰਟਨਰ' ਸ਼ਰਧਾ ਵਾਕਰ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਉਸ ਨੇ ਸਰੀਰ ਦੇ ਅੰਗਾਂ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੇ ਘਰ ਵਿਚ 300 ਲੀਟਰ ਦੇ ਫਰਿੱਜ ਵਿਚ ਕਰੀਬ ਤਿੰਨ ਹਫ਼ਤਿਆਂ ਤਕ ਰੱਖਿਆ ਅਤੇ ਫਿਰ ਕਈ ਰਾਤਾਂ ਵਿਚ ਉਨ੍ਹਾਂ ਨੂੰ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ।