ਮਨਪ੍ਰੀਤ ਕੌਰ ਦੀ ਰਿਪੋਰਟ 


ਨਵੀਂ ਦਿੱਲੀ: ਸਿੱਖ ਸਮਾਜ ਨੂੰ ਕੇਂਦਰ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਘਰੇਲੂ ਏਅਰਪੋਰਟ 'ਤੇ ਕਰਮਚਾਰੀ ਵੀ ਕਿਰਪਾਨ ਧਾਰਨ ਕਰ ਸਕਦੇ ਹਨ ਤੇ ਆਪਣੇ ਕੰਮ ਦੌਰਾਨ ਇਸ ਨੂੰ ਪਹਿਨ ਸਕਦੇ ਹਨ। ਕੇਂਦਰ ਸਰਕਾਰ (Central Govt) ਨੇ ਆਪਣੇ ਨਿਰਦੇਸ਼ਾਂ 'ਚ ਸੋਧ ਕਰਕੇ ਘਰੇਲੂ ਟਰਮੀਨਲ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕਕਾਰ ਪਾਉਣ 'ਤੇ ਪਾਬੰਦੀ ਨਹੀਂ ਹੋਵੇਗੀ। 


 






ਹਾਲਾਂਕਿ ਇਹ ਸ਼ਰਤ ਵੀ ਰੱਖੀ ਗਈ ਹੈ ਕਿ ਕਿਰਪਾਨ ਦਾ ਸਾਈਜ਼ 9 ਇੰਚ ਤਕ ਹੀ ਹੋਣਾ ਚਾਹੀਦਾ ਹੈ ਤੇ ਉਸ ਦਾ ਬਲੇਡ 6 ਇੰਚ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿਵਲ ਏਵੀਏਸ਼ਨ ਸਕਿਓਰਟੀ ਵੱਲੋਂ ਸੋਧ ਕੀਤਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। 






ਦਸ ਦਈਏ ਪਹਿਲਾਂ ਮੰਤਰਾਲੇ ਵੱਲੋਂ ਆਦੇਸ਼ ਜਾਰੀ ਕਰਕੇ ਸਿਰਫ ਮੁਸਾਫਰਾਂ ਦੇ ਕਿਰਪਾਨ ਪਾਉਣ 'ਤੇ ਪਾਬੰਦੀ ਹਟਾਈ ਗਈ ਸੀ ਪਰ ਹੁਣ ਏਅਰਪੋਰਟ ਦੇ ਕਰਮਚਾਰੀਆਂ ਨੂੰ ਵੀ ਇਸ ਦੀ ਇਜਾਜ਼ਤ ਦੇ ਦਿੱਤੀ ਗਈ ਹੈ। 


ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਹਵਾਈ ਅੱਡਿਆਂ ’ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ’ਤੇ ਪਾਬੰਦੀ ਲਾਉਣ ਦਾ ਸਖ਼ਤ ਨੋਟਿਸ ਲਿਆ ਸੀ। ਧਾਮੀ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੇ ਹਾਲ ਹੀ 'ਚ ਜਾਰੀ ਕੀਤੇ ਇੱਕ ਨੋਟੀਫਿਕੇਸ਼ਨ ਵਿੱਚ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡੇ ਦੇ ਅੰਦਰ ਕਿਰਪਾਨ ਪਹਿਨਣ ਦੀ ਮਨਾਹੀ ਕੀਤੀ ਹੈ, ਜਿਸ ਨੂੰ ਉਨ੍ਹਾਂ ਸਿੱਖ ਸੰਪਰਦਾਵਾਂ ਨਾਲ ਧੱਕਾ ਦੱਸਿਆ ਸੀ।