Sikhs For Justice: ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਕੈਨੇਡਾ ਵਿੱਚ ਏਅਰ ਇੰਡੀਆ ਦੀਆਂ ਉਡਾਣਾਂ ਦਾ ਘੇਰਾਓ ਕਰਨ ਦਾ ਐਲਾਨ ਕੀਤਾ ਹੈ। ਭਾਰਤ 'ਚ ਪਾਬੰਦੀਸ਼ੁਦਾ ਜਥੇਬੰਦੀ ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ ਏਅਰ ਇੰਡੀਆ ਦੀਆਂ ਉਡਾਣਾਂ ਦਾ ਬਾਈਕਾਟ ਕੀਤਾ ਹੈ। ਉਸ ਨੇ ਏਅਰ ਇੰਡੀਆ ਦੀਆਂ ਉਡਾਣਾਂ ਵਿੱਚ ਸਫਰ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਏਗਾ।



ਦਰਅਸਲ ਖਾਲਿਸਤਾਨ ਪੱਖੀ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਬੁੱਧਵਾਰ ਨੂੰ ਇੱਕ ਤਾਜ਼ਾ ਵੀਡੀਓ ਜਾਰੀ ਕਰਕੇ ਕੈਨੇਡਾ ਦੇ ਟੋਰਾਂਟੋ ਤੇ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ 1 ਦਸੰਬਰ ਨੂੰ ਏਅਰ ਇੰਡੀਆ ਦੀਆਂ ਉਡਾਣਾਂ ਦਾ ਘੇਰਾਓ ਕਰਨ ਦਾ ਸੱਦਾ ਦਿੱਤਾ ਹੈ।


ਟਰਮੀਨਲ ਵਨ ਤੋਂ ਏਆਈ 188 ਤੇ ਏਆਈ 186 ਫਲਾਈਟਾਂ ਨੂੰ ਨਿਸ਼ਾਨਾ ਬਣਾਉਣ ਲਈ ਪੰਨੂ ਦਾ ਸੱਦਾ ਭਾਰਤ ਸਰਕਾਰ ਦੀ ਉਸ ਖਿਲਾਫ ਕਾਰਵਾਈ ਤੋਂ ਇੱਕ ਦਿਨ ਬਾਅਦ ਆਇਆ ਹੈ। ਦਰਅਸਲ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ 4 ਨਵੰਬਰ ਨੂੰ ਭਾਰਤੀ ਫਲੈਗ ਕੈਰੀਅਰ ਨੂੰ ਧਮਕੀ ਦੇਣ ਵਾਲੀ ਇੱਕ ਵੀਡੀਓ ਨੂੰ ਲੈ ਕੇ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ (ਐਸਐਫਜੇ) ਸਮੂਹ ਦੇ ਆਗੂ ਵਿਰੁੱਧ ਕੇਸ ਦਰਜ ਕੀਤਾ ਸੀ।



ਪੰਨੂ ਨੇ ਆਪਣੀ ਨਵੀਂ ਵੀਡੀਓ ਵਿੱਚ ਕਿਹਾ, “SFJ ਦੇ ਜਨਰਲ ਸਲਾਹਕਾਰ ਵਜੋਂ ਮੈਂ ਏਅਰ ਇੰਡੀਆ ਦਾ ਬਾਈਕਾਟ ਕਰਨ ਦੇ ਆਪਣੇ ਸੱਦੇ ਦੀ ਪੁਸ਼ਟੀ ਕਰਦਾ ਹਾਂ। ਉਸ ਨੇ ਕਿਹਾ ਕਿ ਮੋਦੀ ਸਰਕਾਰ SFJ ਨੂੰ ਖਾਲਿਸਤਾਨੀ ਜਨਮਤ ਸੰਗ੍ਰਹਿ ਚਲਾਉਣ ਤੋਂ ਨਹੀਂ ਰੋਕ ਸਕਦੀ। ਪੰਨੂ ਨੇ ਕਿਹਾ ਕਿ ਉਸ ਦਾ ਵੀਡੀਓ ਸੰਦੇਸ਼ ਏਅਰ ਇੰਡੀਆ ਦਾ "ਬਾਈਕਾਟ" ਕਰਨ ਲਈ "ਸ਼ਾਂਤਮਈ ਕਾਲ" ਹੈ, ਨਾ ਕਿ "ਬੰਬ"।


ਪੰਨੂ ਨੇ ਕਿਹਾ ਕਿ ਏਅਰਲਾਈਨ ਦਾ ਬਾਈਕਾਟ ਕਰਨ ਦੀ ਉਨ੍ਹਾਂ ਦੀ ਮੁਹਿੰਮ ਜਾਰੀ ਰਹੇਗੀ ਕਿਉਂਕਿ "ਏਅਰ ਇੰਡੀਆ ਤੇ ਹੋਰ ਭਾਰਤੀ ਕਾਰੋਬਾਰਾਂ ਨੂੰ ਜਾਣ ਵਾਲੇ ਹਰ ਡਾਲਰ ਦੀ ਵਰਤੋਂ ਭਾਰਤ ਵਿੱਚ ਸਿੱਖ ਅਬਾਦੀ ਦੀ ਹੋਂਦ ਨੂੰ ਖਤਰਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ। ਵੀਡੀਓ ਵਿੱਚ ਪੰਨੂ ਨੇ ਇਹ ਮੁਹਿੰਮ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਸਮਰਪਿਤ ਕੀਤੀ, ਜਿਸ ਨੂੰ ਇਸ ਸਾਲ ਜੂਨ ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ।



ਪੰਨੂ ਨੇ ਆਪਣੇ ਵੀਡੀਓ ਵਿੱਚ ਕਿਹਾ ਸੀ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਦਾ ਨਾਮ ਬਦਲਿਆ ਜਾਵੇਗਾ ਤੇ 19 ਨਵੰਬਰ ਨੂੰ ਬੰਦ ਰਹੇ। ਉਸ ਨੇ ਉਸ ਦਿਨ ਏਅਰ ਇੰਡੀਆ ਏਅਰਲਾਈਨਾਂ ਰਾਹੀਂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਇਹ ਕਹਿ ਕੇ ਧਮਕੀ ਦਿੱਤੀ ਕਿ ਉਨ੍ਹਾਂ ਦੀ "ਜਾਨ ਖ਼ਤਰੇ ਵਿੱਚ ਹੋਵੇਗੀ" ਤੇ ਫਲੈਗ ਕੈਰੀਅਰ ਨੂੰ ਦੁਨੀਆ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।