Sonia Gandhi health: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਘਰ 'ਚ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸੋਨੀਆ ਗਾਂਧੀ (75) 2 ਜੂਨ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਸੀ। ਕੋਵਿਡ-19 ਤੋਂ ਬਾਅਦ ਮੁਸ਼ਕਲਾਂ ਕਾਰਨ ਉਨ੍ਹਾਂ ਨੂੰ 12 ਜੂਨ ਨੂੰ ਸਰ ਗੰਗਾ ਰਾਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਕਾਂਗਰਸ ਮੁਤਾਬਕ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੂੰ ਸਾਹ ਦੀ ਨਾਲੀ 'ਚ ਇਨਫੈਕਸ਼ਨ ਹੈ।



ਕਾਂਗਰਸ ਦੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਸੋਨੀਆ ਗਾਂਧੀ ਦੀ ਸਿਹਤ ਬਾਰੇ ਦੱਸਿਆ ਸੀ ਕਿ 12 ਜੂਨ ਨੂੰ ਉਨ੍ਹਾਂ ਦੇ ਨੱਕ ਵਿੱਚੋਂ ਖ਼ੂਨ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।



ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੋਨੀਆ ਗਾਂਧੀ ਨੂੰ 23 ਜੂਨ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਤਾਜ਼ਾ ਸੰਮਨ ਜਾਰੀ ਕੀਤਾ ਹੈ। ਸੋਨੀਆ ਗਾਂਧੀ ਨੂੰ ਪਹਿਲਾਂ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਕਾਰਨ ਉਨ੍ਹਾਂ ਨੇ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਨਵੀਂ ਤਰੀਕ ਮੰਗੀ ਸੀ।



ਜਾਂਚ ਏਜੰਸੀ ਪਹਿਲਾਂ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਹ ਅੱਜ ਵੀ ਈਡੀ ਸਾਹਮਣੇ ਪੇਸ਼ ਹੋਏ ਹਨ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ।


ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਚੌਥੇ ਦਿਨ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਈਡੀ ਨੇ ਰਾਹੁਲ ਗਾਂਧੀ ਤੋਂ ਐਸੋਸੀਏਟਿਡ ਜਰਨਲ ਲਿਮਟਿਡ ਨਾਲ ਜੁੜੇ ਕਈ ਸਵਾਲ ਪੁੱਛੇ ਹਨ। ਈਡੀ ਦੇ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਕੀ ਐਸੋਸੀਏਟਿਡ ਜਰਨਲਜ਼ ਲਿਮਟਿਡ ਦੀ ਵਿੱਤੀ ਹਾਲਤ ਸੱਚਮੁੱਚ ਇੰਨੀ ਖ਼ਰਾਬ ਸੀ ਕਿ ਉਸ ਨੂੰ ਕਰਜ਼ਾ ਲੈਣਾ ਪਿਆ। ਸਾਲ 2011 ਵਿੱਚ ਐਸੋਸੀਏਟਿਡ ਜਰਨਲਜ਼ ਦਾ ਦਫ਼ਤਰ ਲਖਨਊ ਤੋਂ ਦਿੱਲੀ ਕਿਉਂ ਤਬਦੀਲ ਕੀਤਾ ਗਿਆ ਸੀ?

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਵੇਰੇ 11.05 ਵਜੇ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ 'ਤੇ ਸਥਿਤ ਈਡੀ ਹੈੱਡਕੁਆਰਟਰ 'ਤੇ ਆਪਣੇ "ਜ਼ੈੱਡ ਪਲੱਸ" ਸ਼੍ਰੇਣੀ ਦੇ ਸੀਆਰਪੀਐਫ ਸੁਰੱਖਿਆ ਐਸਕਾਰਟ ਨਾਲ ਪਹੁੰਚੇ। ਸੰਘੀ ਏਜੰਸੀ ਦੇ ਦਫਤਰ ਦੇ ਆਲੇ-ਦੁਆਲੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀ ਵੱਡੀ ਟੁਕੜੀ ਤਾਇਨਾਤ ਕੀਤੀ ਗਈ ਹੈ। ਇਲਾਕੇ ਵਿੱਚ ਧਾਰਾ 144 ਵੀ ਲਾਗੂ ਹੈ।