ED Summons Sonia Gandhi : ਨੈਸ਼ਨਲ ਹੈਰਾਲਡ  (National Herald)

  ਅਖਬਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਮਨੀ ਲਾਂਡਰਿੰਗ (Money Laundering) ਦੀ ਜਾਂਚ ਕਰ ਰਹੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੀਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ  (Sonia Gandhi) ਤੋਂ ਪੁੱਛਗਿੱਛ ਕਰੇਗੀ। ਇਸ ਦੇ ਖਿਲਾਫ ਕਾਂਗਰਸ ਨੇ ਇੱਕ ਵਾਰ ਫਿਰ ਦਿੱਲੀ ਸਮੇਤ ਦੇਸ਼ ਭਰ ਵਿੱਚ ਪ੍ਰਦਰਸ਼ਨ ਦੀ ਰਣਨੀਤੀ ਬਣਾਈ ਹੈ। ਦਿੱਲੀ ਵਿੱਚ ਸੰਸਦ ਤੋਂ ਲੈ ਕੇ ਸੜਕ ਤੱਕ ਕਾਂਗਰਸ ਦੇ ਆਗੂ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।

ਇਸ ਤੋਂ ਪਹਿਲਾਂ ਜੂਨ ਵਿੱਚ ਵੀ ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਦੌਰਾਨ ਕਾਂਗਰਸ ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਦਿੱਲੀ ਵਿੱਚ ਜਬਰਦਸਤ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ’ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਾਇਆ ਸੀ। ਵੀਰਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ, ਜਦਕਿ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਰਕਰ ਅਕਬਰ ਰੋਡ ਸਥਿਤ ਹੈੱਡਕੁਆਰਟਰ 'ਤੇ ਇਕੱਠੇ ਹੋਣਗੇ ਅਤੇ ਈਡੀ ਦਫਤਰ ਵੱਲ ਵਧਣ ਦੀ ਕੋਸ਼ਿਸ਼ ਕਰਨਗੇ।

ਦਿੱਲੀ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ ਅਸ਼ੋਕ ਗਹਿਲੋਤ



ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਦਿੱਲੀ 'ਚ ਪ੍ਰਦਰਸ਼ਨ 'ਚ ਹਿੱਸਾ ਲੈਣਗੇ। ਨਵੀਂ ਦਿੱਲੀ ਖੇਤਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਚੱਲ ਰਹੇ ਸੰਸਦ ਸੈਸ਼ਨ ਦੌਰਾਨ ਪ੍ਰਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਕਾਰਨ ਕਾਂਗਰਸੀ ਵਰਕਰ ਦਿੱਲੀ ਵਿੱਚ ਰਾਜ ਭਵਨ ਨੇੜੇ ਵੱਡਾ ਧਰਨਾ ਦੇਣਗੇ।

ਕਾਂਗਰਸ ਲੀਡਰਸ਼ਿਪ ਨੇ ਸਾਰੀਆਂ ਸੂਬਾ ਇਕਾਈਆਂ ਨੂੰ ਆਪਣੀ ਰਾਜਧਾਨੀ ਵਿਚ ਈਡੀ ਦਫ਼ਤਰ ਜਾਂ ਰਾਜ ਭਵਨਾਂ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਾਂਗਰਸ ਦੇ ਸਾਰੇ ਵੱਡੇ ਆਗੂ ਪ੍ਰਦਰਸ਼ਨ ਨੂੰ ਜ਼ੋਰਦਾਰ ਬਣਾਉਣ ਦੀ ਕਵਾਇਦ ਵਿੱਚ ਲੱਗੇ ਹੋਏ ਹਨ। ਇਸ ਸਬੰਧੀ ਮੰਗਲਵਾਰ ਅਤੇ ਬੁੱਧਵਾਰ ਨੂੰ ਪਾਰਟੀ ਆਗੂਆਂ ਦੀ ਅਹਿਮ ਮੀਟਿੰਗ ਹੋਈ।

ਈਡੀ ਨੇ ਸੋਨੀਆ ਗਾਂਧੀ ਨੂੰ ਭੇਜਿਆ ਸੀ ਸੰਮਨ


ਇਸ ਤੋਂ ਪਹਿਲਾਂ ਜੂਨ ਦੇ ਅੱਧ ਵਿੱਚ ਈਡੀ ਨੇ ਰਾਹੁਲ ਗਾਂਧੀ ਤੋਂ ਕਰੀਬ 5 ਦਿਨਾਂ ਵਿੱਚ ਕਰੀਬ 50 ਘੰਟੇ ਪੁੱਛਗਿੱਛ ਕੀਤੀ ਸੀ। ਫਿਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰੋਜ਼ਾਨਾ ਪ੍ਰਦਰਸ਼ਨ ਕੀਤਾ ,ਜਿਸ ਦੌਰਾਨ ਪਾਰਟੀ ਦੇ ਵੱਡੇ ਆਗੂਆਂ ਨੇ ਗ੍ਰਿਫਤਾਰੀਆਂ ਦਿਤੀਆ ਸੀ। ਸੋਨੀਆ ਗਾਂਧੀ ਨੂੰ ਵੀ ਜੂਨ ਵਿੱਚ ਤਲਬ ਕੀਤਾ ਗਿਆ ਸੀ ਪਰ ਸਿਹਤ ਖ਼ਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਨਜ਼ਦੀਕੀ ਤਰੀਕ ਮੰਗੀ ਸੀ। ਹੁਣ ਸੋਨੀਆ ਗਾਂਧੀ ਤੋਂ ਈਡੀ ਦੀ ਪੁੱਛ-ਪੜਤਾਲ ਦੇ ਸਮੇਂ ਜਿੱਥੇ ਇੱਕ ਵਾਰ ਫਿਰ ਕਾਂਗਰਸ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਮੋਦੀ ਸਰਕਾਰ ਕਾਂਗਰਸ ਲੀਡਰਸ਼ਿਪ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਰਹੀ ਹੈ।

ਕੀ ਹੈ ਮਾਮਲਾ ?


ਕਾਂਗਰਸ ਪਾਰਟੀ ਨੇ ਘਾਟੇ 'ਚੋਂ ਨਿਕਲਣ ਲਈ 1937 'ਚ ਸਥਾਪਿਤ ਨੈਸ਼ਨਲ ਹੈਰਾਲਡ ਅਖਬਾਰ ਛਾਪਣ ਵਾਲੀ ਕੰਪਨੀ ਏ.ਜੇ.ਐੱਲ. ਨੂੰ 90 ਕਰੋੜ ਦਾ ਕਰਜ਼ਾ ਦਿੱਤਾ ਸੀ। ਬਾਅਦ ਵਿੱਚ ਇਸ ਕਰਜ਼ੇ ਦੇ ਬਦਲੇ ਵਿੱਚ ਏਜੇਐਲ ਨੇ ਆਪਣੇ 99 ਪ੍ਰਤੀਸ਼ਤ ਸ਼ੇਅਰ ਯੰਗ ਇੰਡੀਅਨ ਕੰਪਨੀ ਨੂੰ ਦੇ ਦਿੱਤੇ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਕੋਲ ਯੰਗ ਇੰਡੀਅਨ ਕੰਪਨੀ ਵਿੱਚ 38-38 ਪ੍ਰਤੀਸ਼ਤ ਸ਼ੇਅਰ ਹਨ। ਈਡੀ ਯੰਗ ਇੰਡੀਅਨ ਦੇ ਖਾਤੇ ਵਿੱਚ ਮਿਲੇ ਪੈਸਿਆਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਯੰਗ ਇੰਡੀਅਨ ਦੁਆਰਾ ਪ੍ਰਾਪਤ ਏਜੇਐਲ ਦੇ ਸ਼ੇਅਰ ਵੀ ਸ਼ਾਮਲ ਹਨ।

ਇਸ ਮਾਮਲੇ 'ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਪਹਿਲਾਂ ਪਵਨ ਬਾਂਸਲ, ਮਲਿਕਾਰਜੁਨ ਖੜਗੇ ਆਦਿ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਕਾਂਗਰਸ ਦੀ ਦਲੀਲ ਹੈ ਕਿ ਉਸ ਦੇ ਨੇਤਾਵਾਂ ਨੇ ਆਜ਼ਾਦੀ ਦੀ ਵਿਰਾਸਤ ਨਾਲ ਜੁੜੇ ਏਜੇਐਲ ਦੀ ਮਦਦ ਕੀਤੀ ਅਤੇ ਜਿਨ੍ਹਾਂ ਨਿਯਮਾਂ ਦੇ ਤਹਿਤ ਯੰਗ ਇੰਡੀਅਨ ਕੰਪਨੀ ਬਣਾਈ ਗਈ ਹੈ, ਉਸ ਦੇ ਸ਼ੇਅਰਧਾਰਕ ਇੱਕ ਰੁਪਿਆ ਵੀ ਨਹੀਂ ਕਢਵਾ ਸਕਦੇ। ਅਜਿਹੀ ਸਥਿਤੀ ਵਿੱਚ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦੇ ਦੋਸ਼ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਹਨ।