ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੌਮੇਡੀਅਨ ਕੁਨਾਲ ਕਾਮਰਾ ਤੇ ਕਾਰਟੂਨ ਕਲਾਕਾਰ ਰਚਿਤਾ ਤਨੇਜਾ ਨੂੰ ਅਦਾਲਤੀ ਹੱਤਕ ਦੇ ਮਾਮਲੇ ਵਿੱਚ ਨੋਟਿਸ ਭੇਜਿਆ ਹੈ। ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨਾਂ ਵਿੱਚ ਨਿਆਂਪਾਲਿਕਾ ਤੇ ਜੱਜਾਂ ਨੂੰ ਬਦਨਾਮ ਕਰਨ ਦੇ ਦੋਸ਼ 'ਚ ਕਾਮਰਾ ਤੇ ਤਨੇਜਾ ਖ਼ਿਲਾਫ਼ ਅਪਮਾਨ ਦੀ ਕਾਰਵਾਈ ਦੀ ਮੰਗ ਕੀਤੀ ਗਈ ਸੀ।


ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਬੈਂਚ ਨੇ ਉਨ੍ਹਾਂ ਨੂੰ ਪਟੀਸ਼ਨਾਂ ਦਾ ਜਵਾਬ ਛੇ ਹਫ਼ਤਿਆਂ ਅੰਦਰ ਦੇਣ ਲਈ ਕਿਹਾ ਹੈ ਤੇ ਇਹ ਵੀ ਕਿਹਾ ਕਿ ਉਨ੍ਹਾਂ ਵਿਰੁੱਧ ਅਪਰਾਧਿਕ ਅਪਮਾਨ ਦੀ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ।


ਕਾਮਰਾ ਤੇ ਤਨੇਜਾ ਖ਼ਿਲਾਫ਼ ਪਟੀਸ਼ਨਾਂ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਵੱਲੋਂ ਅਦਾਲਤ ਵਿੱਚ ਅਪਰਾਧਿਕ ਅਪਮਾਨ ਦੀ ਕਾਰਵਾਈ ਸ਼ੁਰੂ ਕਰਨ ਦੀ ਸਹਿਮਤੀ ਦੇਣ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਸੀ।ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਖ਼ੁਦਕੁਸ਼ੀ ਦੇ ਕੇਸ ਵਿੱਚ ਜ਼ਮਾਨਤ ਦੇਣ ਤੋਂ ਨਾਰਾਜ਼ ਕੁਨਾਲ ਨੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।।

ਕਾਮੇਡੀਅਨ ਅਤੇ ਕਾਰਟੂਨਿਸਟ ਨੂੰ ਫਿਲਹਾਲ ਅਦਾਲਤ ਵਿੱਚ ਪੇਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਪਹਿਲਾਂ ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਵੀਰਵਾਰ ਨੂੰ ਇੱਕ ਸੰਖੇਪ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ।

ਸੁਣਵਾਈ ਦੌਰਾਨ ਪਟੀਸ਼ਨਕਰਤਾ ਦੇ ਵਕੀਲ ਨਿਸ਼ਾਂਤ ਕਟਾਨੇਸ਼ਵਰਕਰ ਨੇ ਬੈਂਚ ਨੂੰ ਦੱਸਿਆ ਕਿ ਕੁਨਾਲ ਕਾਮਰਾ ਨੇ ਸੁਪਰੀਮ ਕੋਰਟ ਬਾਰੇ ਇਤਰਾਜ਼ਯੋਗ ਟਵੀਟ ਕੀਤੇ। ਮਾਣਹਾਨੀ ਦੇ ਕੇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਵੀ ਉਸਨੇ ਸੁਪਰੀਮ ਕੋਰਟ ਦਾ ਮਜ਼ਾਕ ਉਡਾਇਆ।