The Kerala Story: ਤਮਾਮ ਵਿਵਾਦਾਂ 'ਚ ਘਿਰੀ ਪੱਛਮੀ ਬੰਗਾਲ 'ਚ 'ਦਿ ਕੇਰਲਾ ਸਟੋਰੀ' ਦੀ ਰਿਲੀਜ਼ ਦਾ ਰਸਤਾ ਸਾਫ ਹੋ ਗਿਆ ਹੈ। ਦਰਅਸਲ, ਸੁਪਰੀਮ ਕੋਰਟ ਨੇ ਅੱਜ ਇਸ ਫਿਲਮ 'ਤੇ ਸੂਬਾ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ। ਯਾਨੀ ਹੁਣ ਇਹ ਫਿਲਮ ਪੱਛਮੀ ਬੰਗਾਲ ਵਿੱਚ ਵੀ ਰਿਲੀਜ਼ ਹੋਵੇਗੀ।


ਇਹ ਵੀ ਪੜ੍ਹੋ : ਪੰਜਾਬ ਪੁਲਿਸ ਨਵੇਂ ਵਿਵਾਦ 'ਚ ਘਿਰੀ, ਕਿਸਾਨਾਂ 'ਤੇ ਸਖਤੀ ਕਰਦਿਆਂ ਔਰਤ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ

ਸੁਪਰੀਮ ਕੋਰਟ ਨੇ 'ਦਿ ਕੇਰਲਾ ਸਟੋਰੀ' 'ਤੇ ਲੱਗੀ ਪਾਬੰਦੀ ਹਟਾਈ



ਸੁਪਰੀਮ ਕੋਰਟ ਨੇ ਅੱਜ ਪੱਛਮੀ ਬੰਗਾਲ 'ਚ 'ਦਿ ਕੇਰਲ ਸਟੋਰੀ' 'ਤੇ ਲਾਈ ਪਾਬੰਦੀ ਵਿਰੁੱਧ ਨਿਰਮਾਤਾਵਾਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕੀਤੀ। ਇਸ ਦੌਰਾਨ ਸੀਜੇਆਈ ਨੇ ਕਿਹਾ, "ਅਸੀਂ 8 ਮਈ ਨੂੰ ਪੱਛਮੀ ਬੰਗਾਲ ਸਰਕਾਰ ਦੁਆਰਾ ਫਿਲਮ 'ਤੇ ਲਗਾਈ ਪਾਬੰਦੀ ਹਟਾ ਰਹੇ ਹਾਂ। ਇਸ ਪਾਬੰਦੀ ਦਾ ਕੋਈ ਠੋਸ ਆਧਾਰ ਨਹੀਂ ਹੈ।" ਇਸ ਦੇ ਨਾਲ ਹੀ ਅਦਾਲਤ ਨੇ ਤਾਮਿਲਨਾਡੂ ਸਰਕਾਰ ਨੂੰ ਫਿਲਮ ਦੀ ਸਕ੍ਰੀਨਿੰਗ ਲਈ ਸਾਰੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਅਤੇ ਫਿਲਮ ਦੇਖਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ।

ਬੰਗਾਲ ਸਰਕਾਰ ਨੇ ਇਸ ਪਾਬੰਦੀ ਨੂੰ ਠਹਿਰਾਇਆ ਸੀ ਜਾਇਜ਼  


ਇਸ ਤੋਂ ਪਹਿਲਾਂ ਮਾਮਲੇ ਦੀ ਸੁਣਵਾਈ ਦੌਰਾਨ ਪੱਛਮੀ ਬੰਗਾਲ ਸਰਕਾਰ ਨੇ ਫਿਲਮ 'ਦਿ ਕੇਰਲ ਸਟੋਰੀ' 'ਤੇ ਪਾਬੰਦੀ ਲਗਾਉਣ ਦੇ ਆਪਣੇ ਫੈਸਲੇ ਨੂੰ ਸਹੀ ਠਹਿਰਾਇਆ ਸੀ। ਪੱਛਮੀ ਬੰਗਾਲ ਸਰਕਾਰ ਨੇ ਸੁਪਰੀਮ ਕੋਰਟ 'ਚ ਦਿੱਤੇ ਹਲਫਨਾਮੇ 'ਚ ਕਿਹਾ ਸੀ ਕਿ ਫਿਲਮ 'ਦਿ ਕੇਰਲਾ ਸਟੋਰੀ' ਫਰਜ਼ੀ ਤੱਥਾਂ 'ਤੇ ਆਧਾਰਿਤ ਹੈ ਅਤੇ ਇਸ 'ਚ ਨਫਰਤ ਭਰਿਆ ਭਾਸ਼ਣ ਹੈ, ਜਿਸ ਨਾਲ ਫਿਰਕੂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਹ ਫਿਲਮ ਭਾਈਚਾਰਿਆਂ ਦਰਮਿਆਨ ਨਫਰਤ ਪੈਦਾ ਕਰ ਸਕਦੀ ਹੈ, ਜਿਸ ਨਾਲ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਹਲਫਨਾਮੇ ਵਿੱਚ ਪੱਛਮੀ ਬੰਗਾਲ ਸਰਕਾਰ ਨੇ ਪਾਬੰਦੀ ਦੇ ਪਿੱਛੇ ਖੁਫੀਆ ਜਾਣਕਾਰੀਆਂ ਨੂੰ ਆਧਾਰ ਬਣਾਇਆ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਅੱਜ ਫਿਲਮ 'ਤੇ ਲੱਗੀ ਰੋਕ ਹਟਾ ਦਿੱਤੀ ਹੈ।

'ਦਿ ਕੇਰਲ ਸਟੋਰੀ' ਸਾਲ ਦੀ ਦੂਜੀ ਸਭ ਤੋਂ ਵੱਡੀ ਹਿੱਟ ਫਿਲਮ ਬਣੀ 


ਤੁਹਾਨੂੰ ਦੱਸ ਦੇਈਏ ਕਿ 'ਦਿ ਕੇਰਲ ਸਟੋਰੀ' ਨੂੰ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਇਹ ਫਿਲਮ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 'ਦਿ ਕੇਰਲਾ ਸਟੋਰੀ' ਨੇ ਰਣਬੀਰ ਕਪੂਰ ਸਟਾਰਰ ਫਿਲਮ Tu Jhoothi Main Makkaa ਦਾ 149.05 ਕਰੋੜ ਰੁਪਏ ਦਾ ਲਾਈਫਟਾਈਮ ਕਲੈਕਸ਼ਨ ਵੀ ਪਾਰ ਕਰ ਲਿਆ ਹੈ। ਰਿਲੀਜ਼ ਦੇ 13 ਦਿਨਾਂ ਬਾਅਦ ਫਿਲਮ ਦੀ ਕੁੱਲ ਕਮਾਈ 165.94 ਕਰੋੜ ਰੁਪਏ ਹੋ ਗਈ ਹੈ। ਜਲਦ ਹੀ ਇਸ ਦੇ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਦੀ ਉਮੀਦ ਹੈ। 'ਦਿ ਕੇਰਲਾ ਸਟੋਰੀ' ਦਾ ਨਿਰਦੇਸ਼ਨ ਸੁਦੀਪਤੋ ਸੇਨ ਨੇ ਕੀਤਾ ਹੈ ਅਤੇ ਇਸ 'ਚ ਅਦਾ ਸ਼ਰਮਾ, ਯੋਗਿਤਾ ਬਿਹਾਨੀ, ਸਿੱਧੀ ਇਦਨਾਨੀ ਅਤੇ ਸੋਨੀਆ ਬਲਾਨੀ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।