ਮੁੰਬਈ: ਭਾਰਤੀ ਜਲ ਸੈਨਾ ਦੀ ਸ਼ਕਤੀ ਵਿੱਚ ਅੱਜ ਹੋਰ ਵਾਧਾ ਹੋ ਗਿਆ ਹੈ। ਅੱਜ ਪਣਡੁੱਬੀ ਆਈਐਨਐਸ ਵੇਲਾ ਨੂੰ ਕਮਿਸ਼ਨ ਦੇ ਦਿੱਤਾ ਗਿਆ ਹੈ। ਭਾਰਤੀ ਜਲ ਸੈਨਾ ਨੇ ਕਲਵਰੀ ਸ਼੍ਰੇਣੀ ਦੀ ਪਣਡੁੱਬੀ ਪ੍ਰਾਜੈਕਟ-75 ਤਹਿਤ ਕੁੱਲ ਛੇ ਪਣਡੁੱਬੀਆਂ ਨੂੰ ਸ਼ਾਮਲ ਕਰਨਾ ਹੈ। ਆਈਐਨਐਸ ਵੇਲਾ ਇਸ ਸ਼੍ਰੇਣੀ ਦੀ ਚੌਥੀ ਪਣਡੁੱਬੀ ਹੈ ਜੋ ਸੇਵਾ ਵਿੱਚ ਸ਼ਾਮਲ ਕੀਤੀ ਗਈ ਹੈ।



ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਦੀ ਮੌਜੂਦਗੀ ਵਿੱਚ ਪਣਡੁੱਬੀ ਨੂੰ ਸੇਵਾ ਵਿੱਚ ਸ਼ਾਮਲ ਕੀਤਾ ਗਿਆ। ਇਸ ਤੋਂ ਪਹਿਲਾਂ ਜਲ ਸੈਨਾ ਨੇ 21 ਨਵੰਬਰ ਨੂੰ ਜੰਗੀ ਬੇੜੇ ਆਈਐਨਐਸ ਵਿਸ਼ਾਖਾਪਟਨਮ ਨੂੰ ਕਮਿਸ਼ਨ ਦਿੱਤਾ ਸੀ। ਇਸ ਨਾਲ ਦੇਸ਼ ਦੀ ਜਲ ਸੈਨਾ ਦੀ ਤਾਕਤ ਵਿੱਚ ਵਾਧਾ ਹੋਇਆ ਹੈ।

ਭਾਰਤੀ ਨੇਵੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਉਹ 'ਪ੍ਰੋਜੈਕਟ 75' ਦੇ ਹਿੱਸੇ ਵਜੋਂ ਵੀਰਵਾਰ ਨੂੰ ਆਪਣੀ ਚੌਥੀ ਸਟੀਲਥ ਸਕਾਰਪੀਨ-ਕਲਾਸ ਪਣਡੁੱਬੀ INS ਵੇਲਾ ਨੂੰ ਸੇਵਾ ਵਿੱਚ ਸ਼ਾਮਲ ਕਰੇਗੀ। ਜਲ ਸੈਨਾ ਦਾ ਦਾਅਵਾ ਹੈ ਕਿ ਇਸ ਪਣਡੁੱਬੀ ਦੇ ਸੇਵਾ ਵਿੱਚ ਸ਼ਾਮਲ ਹੋਣ ਨਾਲ ਲੜਾਕੂ ਸਮਰੱਥਾ ਵਧ ਗਈ ਹੈ। 'ਪ੍ਰੋਜੈਕਟ 75' ਵਿੱਚ ਛੇ ਸਕਾਰਪੀਨ-ਡਿਜ਼ਾਈਨ ਕੀਤੀਆਂ ਪਣਡੁੱਬੀਆਂ ਦਾ ਨਿਰਮਾਣ ਸ਼ਾਮਲ ਹੈ।

ਇਨ੍ਹਾਂ ਵਿੱਚੋਂ ਤਿੰਨ ਪਣਡੁੱਬੀਆਂ, ਕਲਵਰੀ, ਖੰਡੇਰੀ ਤੇ ਕਰੰਜ ਨੂੰ ਪਹਿਲਾਂ ਹੀ ਸੇਵਾ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਨੇਵੀ ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤੀ ਨੇਵੀ ਦੀ ਚੌਥੀ ਸਟੀਲਥ ਸਕਾਰਪੀਨ-ਸ਼੍ਰੇਣੀ ਦੀ ਪਣਡੁੱਬੀ, INS ਵੇਲਾ, 25 ਨਵੰਬਰ 2021 ਨੂੰ ਚਾਲੂ ਹੋਣ ਲਈ ਤਿਆਰ ਹੈ।"

ਪਣਡੁੱਬੀ ਦਾ ਨਿਰਮਾਣ ਮੁੰਬਈ ਸਥਿਤ ਮਜ਼ਾਗਨ ਡੌਕ ਸ਼ਿਪ ਬਿਲਡਰਜ਼ ਲਿਮਟਿਡ ਨੇ ਫਰਾਂਸ ਦੇ ਮੈਸਰਜ਼ ਨੇਵਲ ਗਰੁੱਪ ਦੇ ਸਹਿਯੋਗ ਨਾਲ ਕੀਤਾ ਹੈ। INS ਵੇਲਾ ਦਾ ਪਿਛਲਾ ਅਵਤਾਰ 31 ਅਗਸਤ 1973 ਨੂੰ ਚਾਲੂ ਕੀਤਾ ਗਿਆ ਸੀ ਤੇ 25 ਜੂਨ 2010 ਨੂੰ ਬੰਦ ਕੀਤਾ ਗਿਆ ਸੀ। ਇਸ ਨੇ 37 ਸਾਲਾਂ ਤੱਕ ਦੇਸ਼ ਦੀ ਮਹੱਤਵਪੂਰਨ ਸੇਵਾ ਕੀਤੀ ਸੀ।