Top 5 Highest Paying Jobs: ਅਗਸਤ 2020 ਵਿੱਚ ਰੈਂਡਸਟੈਡ ਇਨਸਾਈਟ ਸੈਲਰੀ ਟ੍ਰੈਂਡ ਰਿਪੋਰਟ 2019 ਪ੍ਰਕਾਸ਼ਿਤ ਹੋਈ ਸੀ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਦੇਸ਼ ਵਿੱਚ ਬੰਗਲੁਰੂ ਉਹ ਸ਼ਹਿਰ ਹੈ ਜਿੱਥੇ ਸਭ ਤੋਂ ਵੱਧ ਤਨਖ਼ਾਹ ਮਿਲਦੀ ਹੈ। ਬੰਗਲੁਰੂ ਤੋਂ ਬਾਅਦ ਮੁੰਬਈ, ਹੈਦਰਾਬਾਦ, ਦਿੱਲੀ ਐਨਸੀਆਰ ਅਤੇ ਪੁਣੇ ਦਾ ਨਾਂਅ ਆਉਂਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਵੱਡੇ ਸ਼ਹਿਰਾਂ ਵਿੱਚ ਅਜਿਹੀਆਂ ਕਿਹੜੀਆਂ ਨੌਕਰੀਆਂ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਤਨਖ਼ਾਹ ਮਿਲਦੀ ਹੈ? ਆਓ ਨਜ਼ਰ ਮਾਰਦੇ ਹਾਂ-


1.ਇਨਵੈਸਟਮੈਂਟ ਬੈਂਕਰ-


ਰਿਪੋਰਟ ਮੁਤਾਬਕ ਭਾਰਤ ਵਿੱਚ ਸਭ ਤੋਂ ਵੱਧ ਤਨਖ਼ਾਹ ਇਨਵੈਸਟਮੈਂਟ ਬੈਂਕਰ ਪਾਉਂਦੇ ਹਨ। ਇਨਵੈਸਟਮੈਂਟ ਬੈਂਕਰ ਆਪਣੇ ਕਲਾਇੰਟਸ ਦੇ ਵਿੱਤੀ ਅਸਾਸਿਆਂ ਦਾ ਪ੍ਰਬੰਧਨ ਅਤੇ ਇਨ੍ਹਾਂ ਦਾ ਰੱਖ-ਰਖਾਅ, ਕਿੱਥੇ ਕਿਵੇਂ ਅਤੇ ਨਿਵੇਸ਼ ਕਰਨਾ, ਕਿੰਨਾ ਸਟੌਕ ਕਰਨਾ ਅਤੇ ਵਿੱਤੀ ਸਾਧਨਾਂ ਦੀ ਸਕਿਉਰਿਟੀ ਆਦਿ ਬਾਰੇ ਸਲਾਹ ਦਿੰਦਾ ਹੈ। ਇਸ ਦੇ ਨਾਲ ਹੀ ਉਹ ਇਨਵੈਸਟਮੈਂਟ ਬੈਂਕਰ ਬੇਹੱਦ ਕਾਮਯਾਬ ਹੈ ਜੋ ਆਪਣੇ ਕਲਾਇੰਟ ਨੂੰ ਸਹੀ ਸਮੇਂ ਕਿਹੜਾ ਵਿੱਤ ਭੰਡਾਰ ਗ੍ਰਹਿਣ ਕਰਨ ਅਤੇ ਕਿਹੜਾ ਛੱਡਣ ਬਾਰੇ ਦਰੁਸਤ ਸਲਾਹ ਦੇ ਸਕਦਾ ਹੈ। ਗੱਲ ਕਰੀਏ ਤਨਖ਼ਾਹ ਦੀ ਤਾਂ ਜੌਬ ਪੋਰਟਲ ਮੌਨਸਟਰ ਮੁਤਾਬਕ ਇਸ ਖੇਤਰ ਵਿੱਚ ਨਵਾਂ ਵਿਅਕਤੀ ਵੀ ਸਾਲ ਦੇ 12 ਲੱਖ ਰੁਪਏ ਤੱਕ ਕਮਾ ਸਕਦਾ ਹੈ। ਤਜ਼ਰਬੇ ਦੇ ਹਿਸਾਬ ਨਾਲ ਇਨਵੈਸਟਮੈਂਟ ਬੈਂਕਰ ਦੀ ਤਨਖ਼ਾਹ 30-50 ਲੱਖ ਰੁਪਏ ਸਾਲਾਨਾ ਵੀ ਹੋ ਸਕਦੀ ਹੈ।


2. ਮੈਡੀਕਲ ਪ੍ਰੋਫੈਸ਼ਨਲ-


ਮੈਡੀਕਲ ਕਿੱਤੇ ਨੂੰ ਹਮੇਸ਼ਾ ਤੋਂ ਪਰਉਪਰਕਾਰੀ ਮੰਨਿਆ ਗਿਆ ਹੈ, ਪਰ ਅੱਜ ਕੱਲ੍ਹ ਇਹ ਨੋਬਲ ਦੇ ਨਾਲ-ਨਾਲ ਲਾਹੇਵੰਦ ਵੀ ਹੋ ਗਿਆ ਹੈ। ਮੈਡੀਕਲ ਖੇਤਰ ਵਿੱਚ ਦੰਦਾਂ, ਦਿਲ, ਜਣੇਪੇ ਅਤੇ ਇਸਤਰੀ ਰੋਗਾਂ ਦੇ ਮਾਹਰ, ਨਰਸਿੰਗ, ਫਾਰਮੇਸੀ ਅਤੇ ਹੈਲਥਕੇਅਰ ਐਡਮਿਨਿਸਟ੍ਰੇਟਰ ਆਦਿ ਮਾਹਰਾਂ ਦੀ ਹਰ ਵੇਲੇ ਸਖ਼ਤ ਲੋੜ ਰਹਿੰਦੀ ਹੈ। NEET ਪਾਸ ਅਤੇ MBBS ਡਿਗਰੀ ਧਾਰਕ ਵਿਦਿਆਰਥੀ ਇਸ ਖੇਤਰ ਆਪਣਾ ਚੰਗਾ ਭਵਿੱਖ ਬਣਾ ਸਕਦੇ ਹਨ। ਜੌਬ ਪੋਰਟਲ ਮੌਨਸਟਰ ਮੁਤਾਬਕ ਨਵੇਂ ਨੌਕਰੀਪੇਸ਼ਾ ਵਿਅਕਤੀ ਨੂੰ ਪੰਜ ਲੱਖ ਰੁਪਏ ਸਾਲਾਨਾ ਮਿਲ ਸਕਦੇ ਹਨ ਜਦਕਿ ਤਜ਼ਰਬੇਕਾਰ ਵਿਅਕਤੀ ਨੂੰ ਔਸਤਨ 17 ਲੱਖ ਰੁਪਏ ਸਾਲਾਨਾ ਮਿਲ ਸਕਦੇ ਹਨ।


3. ਚਾਰਟਿਡ ਅਕਾਊਂਟੈਂਟ-


ਲੇਖਾਕਾਰ ਅਜਿਹਾ ਕਿੱਤਾ ਹੈ ਜਿਸ ਵਿੱਚ ਵਿਅਕਤੀ ਆਪਣੇ ਕਲਾਇੰਟ ਦੇ ਵਿੱਤੀ ਲੈਣ-ਦੇਣ, ਟੈਕਸ ਪ੍ਰਬੰਧਨ ਅਤੇ ਇਸ ਦੇ ਢੁਕਵੇਂ ਹੱਲ ਪ੍ਰਦਾਨ ਕਰਦਾ ਹੈ। ਅਕਾਊਂਟੈਂਟ ਇੱਕ ਕਿਸਮ ਦੇ ਵਿੱਤੀ ਸਲਾਹਕਾਰ ਵਜੋਂ ਵੀ ਕੰਮ ਆਉਂਦੇ ਹਨ ਅਤੇ ਇਹ ਭਾਰਤ ਵਿੱਚ ਸਭ ਤੋਂ ਵੱਧ ਤਨਖ਼ਾਹ ਦੇਣ ਵਾਲੀਆਂ ਨੌਕਰੀਆਂ ਵਿੱਚੋਂ ਇੱਕ ਹੈ। ਕਮਰਸ ਡਿਗਰੀ ਧਾਰਕ ਅਤੇ ਭਾਰਤੀ ਚਾਰਟਿਡ ਅਕਾਊਂਟੈਂਟ ਅਦਾਰੇ (ICAI) ਦੇ ਕੋਰਸ ਪਾਸ ਕਰਕੇ ਪ੍ਰਮਾਣਿਤ ਮੈਂਬਰ ਬਣਨ ਵਾਲੇ ਵਿਅਕਤੀ ਇਸ ਖੇਤਰ ਵਿੱਚ ਚੰਗੀ ਕਮਾਈ ਕਰ ਸਕਦੇ ਹਨ। ਰਿਪੋਰਟਾਂ ਮੁਤਾਬਕ ਇਸ ਖੇਤਰ ਵਿੱਚ ਨਵੇਂ ਵਿਅਕਤੀ ਔਸਤਨ ਸੱਤ ਲੱਖ ਰੁਪਏ ਸਾਲਾਨਾ ਕਮਾ ਸਕਦੇ ਹਨ, ਜਦਕਿ ਤਜ਼ਰਬੇਕਾਰ ਸੀਏ 20-24 ਲੱਖ ਰੁਪਏ ਸਾਲਾਨਾ ਕਮਾ ਸਕਦੇ ਹਨ।


4. ਡੇਟਾ ਸਾਇੰਟਿਸਟ-


ਅੱਜ ਦਾ ਯੁਗ ਜਾਣਕਾਰੀ ਦਾ ਹੈ ਅਤੇ ਡੇਟਾ ਸਾਇੰਟਿਸਟ ਦੀ ਮੰਗ ਆਈਟੀ, ਟੈਲੀਕਾਮ, ਫਾਈਨਾਂਸ ਅਤੇ ਬੀਮਾ ਆਦਿ ਖੇਤਰਾਂ ਵਿੱਚ ਹਮੇਸ਼ਾ ਰਹਿੰਦੀ ਹੈ। ਇਸ ਖੇਤਰ ਦਾ ਧੁਰਾ ਮੁੰਬਈ ਤੇ ਬੰਗਲੁਰੂ ਮੰਨਿਆ ਜਾਂਦਾ ਹੈ ਜਿੱਥੇ ਇਸ ਕਿਸਮ ਦੇ ਨੌਕਰੀਪੇਸ਼ਾ ਲੋਕਾਂ ਨੂੰ ਸਭ ਤੋਂ ਵੱਧ ਤਨਖ਼ਾਹ ਵੀ ਮਿਲ ਸਕਦੀ ਹੈ। ਤਨਖ਼ਾਹ ਦੀ ਗੱਲ ਕਰੀਏ ਤਾਂ ਤਜ਼ਰਬੇ ਦੇ ਹਿਸਾਬ ਨਾਲ ਇਸ ਖੇਤਰ ਵਿੱਚ ਕੋਈ ਵਿਅਕਤੀ ਔਸਤਨ 14-15 ਲੱਖ ਰੁਪਏ ਸਾਲਾਨਾ ਕਮਾ ਸਕਦਾ ਹੈ। ਪਰ ਚੰਗੇ ਤਜ਼ਰਬੇ ਵਾਲਾ ਵਿਅਕਤੀ 60 ਲੱਖ ਰੁਪਏ ਸਾਲਾਨਾ ਵੀ ਕਮਾ ਸਕਦਾ ਹੈ।


5. ਬਲਾਕਚੇਨ ਡਿਵੈਲਪਰ-


ਸੌਖੀ ਭਾਸ਼ਾ ਵਿੱਚ ਕਿਸੇ ਵੀ ਕੰਮ ਨੂੰ ਤਕਨੀਕੀ ਢੰਗ ਨਾਲ ਸਾਫਟਵੇਅਰ ਰਾਹੀਂ ਸੁਖਾਲਾ ਬਣਾਉਣ ਲਈ ਢੁਕਵਾਂ ਪ੍ਰਬੰਧ ਕਰਨ ਵਾਲੇ ਬਲਾਕਚੇਨ ਡਿਵੈਲਪਰ ਅਖਵਾਉਂਦੇ ਹਨ। ਭਾਰਤ ਵਿੱਚ ਇਹ ਹਾਲੇ ਨਵਾਂ ਹੈ ਪਰ ਸਰਕਾਰ ਦੇ ਨੀਤੀ ਆਯੋਗ ਵੱਲੋਂ ਬਣਾਈ ਨੀਤੀ ਵਿੱਚ ਬਲਾਕਚੇਨ ਤਕਨਾਲੋਜੀ ਨੂੰ ਵੀ ਸਥਾਨ ਦਿੱਤਾ ਗਿਆ ਹੈ। ਉਹ ਵਿਦਿਆਰਥੀ ਜਿਨ੍ਹਾਂ ਨੇ ਆਈਟੀ, ਕੰਪਿਊਟਰ ਸਾਇੰਸ, ਕੰਪਿਊਟਰ ਭਾਸ਼ਾ ਦੀ ਕੋਡਿੰਗ, ਮੈਥੇਮੈਟਿਕਸ, ਐਲਗੋਰਿਦਮ ਅਤੇ ਪ੍ਰੋਗਰਾਮਿੰਗ ਲੈਂਗੂਏਜ ਸੀ++, ਜਾਵਾ ਤੇ ਪਾਇਥਨ ਆਦਿ ਦਾ ਗਿਆਨ ਹਾਸਲ ਕੀਤਾ ਹੋਵੇ, ਇਸ ਖੇਤਰ ਵਿੱਚ ਚੋਖੀ ਕਮਾਈ ਕਰ ਸਕਦੇ ਹਨ। ਅਪਗ੍ਰੈਡ ਨਾਂਅ ਦੇ ਪ੍ਰਕਾਸ਼ਕ ਦੇ ਲੇਖ ਮੁਤਾਬਕ ਭਾਰਤ ਵਿੱਚ ਬਲਾਕਚੇਨ ਡਿਵੈਲਪਰ ਔਸਤਨ 8 ਲੱਖ ਰੁਪਏ ਸਾਲਾਨਾ ਕਮਾ ਰਹੇ ਹਨ। ਪਰ ਤਜ਼ਰਬੇ ਦੇ ਹਿਸਾਬ ਨਾਲ ਤਨਖ਼ਾਹ 45 ਲੱਖ ਰੁਪਏ ਤੱਕ ਵੀ ਅੱਪੜ ਸਕਦੀ ਹੈ।


 


ਨੋਟ : ਕਿਸੇ ਵੀ ਪੇਸ਼ੇ ਵਿੱਚ ਤਨਖ਼ਾਹ ਔਸਤਨ ਲਿਖੀ ਗਈ ਹੈ, ਜੋ ਕਿਸੇ ਵਿਅਕਤੀ ਦੇ ਤਜ਼ਰਬੇ, ਯੋਗਤਾ, ਹੁਨਰ, ਗਿਆਨ ਤੋਂ ਇਲਾਵਾ ਇੱਕ ਤੋਂ ਦੂਜੀ ਕੰਪਨੀ ਦੀ ਤਨਖ਼ਾਹ ਨੀਤੀ ਉੱਪਰ ਨਿਰਭਰ ਕਰਦੀ ਹੈ।