ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਗਣਤੰਤਰ ਦਿਵਸ ਲਈ ਕਿਸਾਨ ਜਥੇਬੰਦੀਆਂ ਵੱਲੋਂ ਟ੍ਰੈਕਟਰ ਪਰੇਡ ਦਾ ਐਲਾਨ ਕੀਤਾ ਗਿਆ ਸੀ। ਬੇਸ਼ੱਕ ਸੰਯੁਕਤ ਕਿਸਾਨ ਮੋਰਚਾ ਵੱਲੋਂ ਟ੍ਰੈਕਟਰ ਪਰੇਡ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਟ੍ਰੈਕਟਰਰ ਪਰੇਡ ਵਾਲੇ ਦਿਨ ਕੁਝ ਸ਼ਰਾਰਤੀ ਅਨਸਰਾਂ ਕਾਰਨ ਜੋ ਹੰਗਾਮਾ ਹੋਇਆ ਉਹ ਜੱਗ ਜ਼ਾਹਰ ਹੈ। ਕਿਸਾਨ ਲੀਡਰਾਂ ਦਾ ਮੰਤਵ ਸ਼ਾਂਤਮਈ ਟ੍ਰੈਕਟਰ ਪਰੇਡ ਜ਼ਰੀਏ ਦੁਨੀਆਂ ਭਰ 'ਚ ਕਿਸਾਨ ਅੰਦੋਲਨ ਦੀ ਆਵਾਜ਼ ਪਹੁੰਚਾਉਣਾ ਸੀ।
ਇਸ ਤੋਂ ਬਾਅਦ ਹੁਣ ਸਰਕਾਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦਾ ਮੌਕਾ ਗਵਾਉਣਾ ਨਹੀਂ ਚਾਹੁੰਦੀ। ਇਸ ਲਈ ਕਈ ਥਾਵਾਂ ਤੋਂ ਕਿਸਾਨਾਂ ਨੂੰ ਹਟਾਇਆ ਜਾ ਰਿਹਾ ਹੈ। ਹੰਗਾਮੇ ਦੇ ਨਾਂ ਤੇ ਕਿਸਾਨ ਲੀਡਰਾਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵੱਡੀ ਗਿਣਤੀ 'ਚ ਕਿਸਾਨ ਲੀਡਰ ਦਿੱਲੀ ਤੋਂ ਵਾਪਸ ਜਾ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਅੰਦੋਲਨ ਜਾਰੀ ਰੱਖਣ ਲਈ ਡਟੇ ਹੋਏ ਹਨ।
ਦਿੱਲੀ ਤੋਂ ਵਾਪਸ ਆ ਰਹੇ ਟ੍ਰੈਕਟਰ ਚਾਲਕਾਂ ਦਾ ਕਹਿਣਾ ਹੈ ਕਿ ਉਹ ਗਣਤੰਤਰ ਦਿਵਸ ਲਈ ਗਏ ਸਨ ਤੇ ਹੁਣ ਪਰੇਡ ਖਤਮ ਹੋਣ ਮਗਰੋਂ ਵਾਪਸ ਆ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹੌਸਲੇ 'ਚ ਹਨ ਤੇ ਅੰਦੋਲਨ ਹਰ ਹਾਲ 'ਚ ਜਾਰੀ ਰਹੇਗਾ।
ਮੌਜੂਦਾ ਸਮੇਂ ਕਿਸਾਨ ਲੀਡਰਾਂ ਲਈ ਫੈਸਲੇ ਦੀ ਅਹਿਮ ਘੜੀ ਹੈ। ਕਿ ਉਹ ਮੌਜੂਦਾ ਸਮੇਂ ਤੇ ਸਥਿਤੀ ਨਾਲ ਉਹ ਕਿਸ ਤਰ੍ਹਾਂ ਨਜਿੱਠਣਗੇ? ਕਿਉਂਕਿ ਇਸ ਸਮੇਂ ਧਰਨੇ 'ਤੇ ਡਟੇ ਕਿਸਾਨਾਂ ਦਾ ਹੌਸਲਾ ਵੀ ਬਣਾਈ ਰੱਖਣਾ ਹੈ ਤੇ ਸਰਕਾਰ ਅੱਗੇ ਆਪਣੀਆਂ ਮੰਗਾਂ ਵੀ ਜਿਉਂ ਦੀਆਂ ਤਿਉਂ ਬਰਕਰਾਰ ਰੱਖਣੀਆਂ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ