ਨਵੀਂ ਦਿੱਲੀ: ਟਿੱਕਰੀ ਬਾਰਡਰ 'ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਅੱਜ ਅਰਦਾਸ ਦਿਵਸ ਮਨਾਇਆ। ਇਸ ਮੌਕੇ ਲਖੀਮਪੁਰ ਖੀਰੀ 'ਚ ਮਾਰੇ ਗਏ 4 ਕਿਸਾਨਾਂ ਤੇ ਇੱਕ ਪੱਤਰਕਾਰ ਦੀ ਆਤਮਾ ਦੀ ਸ਼ਾਂਤੀ ਲਈ ਵੀ ਅਰਦਾਸ ਕੀਤੀ ਗਈ।

ਇਸ ਦੇ ਨਾਲ ਹੀ ਕਸ਼ਮੀਰ 'ਚ ਭਾਰਤੀ ਸੈਨਾ ਦੇ ਸ਼ਹੀਦ ਹੋਏ ਜੇਸੀਓ ਤੇ ਜਵਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਕਿਸਾਨਾਂ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਿਸਾਨਾਂ ਨੇ ਇਸ ਦੌਰਾਨ ਬੀਜੇਪੀ ਸਰਕਾਰ ਦੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਸ ਸਰਕਾਰ ਵਿੱਚ ਨਾ ਤਾਂ ਕਿਸਾਨ ਸੁਰੱਖਿਅਤ ਹਨ ਤੇ ਨਾ ਹੀ ਜਵਾਨ।

ਉਨ੍ਹਾਂ ਦਾ ਕਹਿਣਾ ਹੈ ਕਿ ਲਖੀਮਪੁਰ ਖੀਰੀ ਵਿੱਚ ਮਾਰੇ ਗਏ ਕਿਸਾਨਾਂ ਦੀ ਯਾਦ ਵਿੱਚ 16 ਅਕਤੂਬਰ ਨੂੰ ਕਲਸ਼ ਯਾਤਰਾ ਕੱਢੀ ਜਾਵੇਗੀ। ਇਨ੍ਹਾਂ ਕਿਸਾਨਾਂ ਦੀਆਂ ਅਸਥੀਆਂ ਨਾਲ ਕਲਸ਼ ਯਾਤਰਾ ਪੂਰੇ ਦੇਸ਼ ਵਿੱਚ ਕੱਢੀ ਜਾਵੇਗੀ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇੰਨਾ ਹੀ ਨਹੀਂ, ਕਿਸਾਨ 18 ਅਕਤੂਬਰ ਨੂੰ ਦੇਸ਼ ਭਰ ਵਿੱਚ ਰੇਲ ਰੋਕੋ ਦਾ ਵਿਰੋਧ ਕਰ ਰਹੇ ਹਨ। ਅੰਦੋਲਨਕਾਰੀ ਕਿਸਾਨਾਂ ਨੇ ਇੱਕ ਵਾਰ ਫਿਰ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀਬਾੜੀ ਕਾਨੂੰਨ ਰੱਦ ਨਹੀਂ ਕਰਦੀ।

ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਜਨਰਲ ਸਕੱਤਰ ਜਿਆਲਾਲ ਦਾ ਕਹਿਣਾ ਹੈ ਕਿ ਲਖੀਮਪੁਰ ਖੀਰੀ ਦੀ ਘਟਨਾ ਦੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਮੁਲਜ਼ਮ ਦੇ ਪਿਤਾ ਨੂੰ ਹੁਣ ਤੱਕ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਗਿਆ ਹੈ। ਉਸ ਨੇ ਸਰਕਾਰ ਤੋਂ ਮੁਲਜ਼ਮ ਦੇ ਮੰਤਰੀ ਬਾਪ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਕਰੀਬ ਸਾਢੇ 10 ਮਹੀਨਿਆਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਤੇ ਕਿਸਾਨ ਆਗੂਆਂ ਦਰਮਿਆਨ ਗੱਲਬਾਤ ਦਾ ਡੈੱਡਲਾਕ ਜਾਰੀ ਹੈ।