ਹਿਸਾਰ: ਹਰਿਆਣਾ ਦੇ ਦੋ ਨੌਜਵਾਨਾਂ, ਦਰਵੇਸ਼ ਤੇ ਨਵੀਵ ਨੇ ਵੀਡੀਓ ਜਾਰੀ ਕਰਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਉਮਰ ਖਾਲਿਦ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕਰਕੇ ਨੌਜਵਾਨਾਂ ਕਿਹਾ ਕਿ ਉਹ ਸੁਤੰਤਰਤਾ ਦਿਵਸ ਮੌਕੇ ਦੇਸ਼ ਨੂੰ ਤੋਹਫਾ ਦੇਣਾ ਚਾਹੁੰਦੇ ਸੀ। ਇਸ ਲਈ ਉਨ੍ਹਾਂ ਜਾਨ ਦੀ ਵੀ ਪ੍ਰਵਾਹ ਨਹੀਂ ਕੀਤੀ। ਉਹ ਅਫਜ਼ਲ ਵਰਗੇ ਅੱਤਵਾਦੀ ਪੈਦਾ ਨਹੀਂ ਹੋਣ ਦੇਣਗੇ। ਪੁਲਿਸ ਕਿਸੇ ਨਿਰਦੋਸ਼ ਨੂੰ ਪ੍ਰੇਸ਼ਾਨ ਨਾ ਕਰੇ। ਉਨ੍ਹਾਂ ਕਿਹਾ ਕਿ ਉਹ ਸ਼ੁੱਕਰਵਾਰ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਿਰੰਡਰ ਕਰ ਦੇਣਗੇ।

ਪ੍ਰਾਪਤ ਜਾਣਕਾਰੀ ਮੁਤਾਬਕ ਉਮਰ ’ਤੇ ਹਮਲੇ ਦਾ ਦਾਅਵਾ ਕਰਨ ਵਾਲੇ ਦਰਵੇਸ਼, ਜੀਂਦ ਤੇ ਨਵੀਨ ਝੱਜਰ ਦੇ ਰਹਿਣ ਵਾਲੇ ਹਨ। ਉਨ੍ਹਾਂ ਜਾਰੀ ਵੀਡੀਓ ਵਿੱਚ ਕਿਹਾ ਕਿ ਉਹ ਸਰਵਉੱਚ ਅਦਾਲਤ ਤੇ ਸੰਵਿਧਾਨ ਦਾ ਸਨਮਾਨ ਕਰਦੇ ਹਨ। ਬਜ਼ੁਰਗਾਂ ਨੇ ਸਿਖਾਇਆ ਹੈ ਕਿ ਪਾਗਲ ਕੁੱਤੇ ਨੂੰ ਬਿਨ੍ਹਾਂ ਦੇਰੀ ਮਾਰ ਦੇਣਾ ਚਾਹੀਦਾ ਹੈ। ਦੇਸ਼ ਭਗਤੀ ਕਵਿਤਾਵਾਂ ਤੋਂ ਪ੍ਰੇਰਣਾ ਲੈ ਕੇ ਇਹ ਕਦਮ ਉਠਾਇਆ ਹੈ। ਕਰਤਾਰ ਸਿੰਘ ਸਰਾਭਾ ਦੇ ਘਰ ਜਾ ਕੇ ਮੱਥਾ ਟੇਕਣਾ ਚਾਹੁੰਦੇ ਹਾਂ। ਉਨ੍ਹਾਂ ਪੁਲਿਸ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਨਾ ਕਰੇ।

ਜ਼ਿਕਰਯੋਗ ਹੈ ਕਿ ਜੇਐਨਯੂ ਵਿਦਿਆਰਥੀ ਆਗੂ ਉਮਰ ਖਾਲਿਦ ਕਲੱਬ ਵਿੱਚ 'ਖ਼ੌਫ਼ ਸੇ ਆਜ਼ਾਦੀ' ਨਾਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚਿਆ ਸੀ। ਜਦ ਉਹ ਕਲੱਬ ਹਾਲ ਦੇ ਬਾਹਰ ਚਾਹ ਪੀਣ ਲਈ ਆ ਰਿਹਾ ਸੀ ਤਾਂ ਅਣਪਛਾਤੇ ਵਿਅਕਤੀ ਨੇ ਉਸ ਨੂੰ ਨਿਸ਼ਾਨਾ ਬਣਾ ਕੇ ਦੋ ਗੋਲ਼ੀਆਂ ਚਲਾਈਆਂ ਪਰ ਖੁੰਝ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖ਼ਾਲਿਦ ਸਾਲ 2016 ਵਿੱਚ ਜੇਐਨਯੂ ਵਿੱਚ ਇੱਕ ਸਮਾਗਮ ਦਾ ਹਿੱਸਾ ਸੀ, ਜਿੱਥੇ ਕਥਿਤ ਤੌਰ 'ਤੇ ਦੇਸ਼ ਵਿਰੋਧੀ ਨਾਅਰੇ ਲਾਉਣ ਦਾ ਇਲਜ਼ਾਮ ਸੀ। ਉਸ ਵਿਰੁੱਧ ਜੇਐਨਯੂ ਵਿਦਿਆਰਥੀ ਯੂਨੀਅਨ ਦੇ ਤਤਕਾਲੀ ਮੁਖੀ ਕਨ੍ਹਈਆ ਕੁਮਾਰ ਸਮੇਤ ਦੇਸ਼ਧ੍ਰੋਹ ਦਾ ਮਾਮਲਾ ਵੀ ਦਰਜ ਹੋਇਆ ਸੀ। ਇਸ ਤੋਂ ਇਲਾਵਾ ਖ਼ਾਲਿਦ ਸਰਕਾਰ ਦੀਆਂ ਗ਼ਲਤ ਨੀਤੀਆਂ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਹੈ।