ਪਟਨਾ: ਬਿਹਾਰ ’ਚ ਮੁੰਗੇਰ ਦੇ ਤਾਰਾਪੁਰ ਡਾਕਘਰ ’ਚ ਉਸ ਵੇਲੇ ਬਿਨੈਕਾਰਾਂ ਦੀ ਲੰਮੀ ਕਤਾਰ ਲੱਗ ਗਈ, ਜਦੋਂ ਕੇਂਦਰ ਸਰਕਾਰ ਦੀ ਯੋਜਨਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਤਹਿਤ ਦੋ ਲੱਖ ਰੁਪਏ ਨਕਦ ਮਿਲਣ ਦੀ ਅਫ਼ਵਾਹ ਫੈਲ ਗਈ। ਔਰਤਾਂ ਤੇ ਬੱਚੀਆਂ ਦੀ ਭੀੜ ਡਾਕਘਰ ਤੋਂ ਲੈ ਕੇ ਮੁੱਖ ਸੜਕ ਤੱਕ ਆ ਗਈ; ਜਿਸ ਕਾਰਨ ਤਾਰਾਪੁਰ-ਖੜਗਪੁਰ ਸੜਕ ਦੀ ਆਵਾਜਾਈ ’ਚ ਵੀ ਵਿਘਨ ਪਿਆ।


ਹਜ਼ਾਰਾਂ ਦੀ ਗਿਣਤੀ ’ਚ ਔਰਤਾਂ ਤੇ ਕੁੜੀਆਂ ਫ਼ਾਰਮ ਨੂੰ ਸਪੀਡ-ਪੋਸਟ ਕਰਨ ਲਈ ਡਾਕਘਰ ਪੁੱਜ ਗਈਆਂ। ਭੀੜ ਇੰਨੀ ਜ਼ਿਆਦਾ ਹੋ ਗਈ ਕਿ ਉਸ ਨੂੰ ਸੰਭਾਲਣ ਲਈ ਡਾਕ ਘਰ ਦੇ ਪ੍ਰਬੰਧਕਾਂ ਨੂੰ ਪੁਲਿਸ ਦੀ ਮਦਦ ਲੈਣੀ ਪਈ।


ਕਤਾਰ ’ਚ ਲੱਗੀਆਂ ਕੁੜੀਆਂ ਨੇ ਦੱਸਿਆ ਕਿ ਪਿੰਡ ’ਚ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ‘ਬੇਟੀ ਬਚਾਓ ਬੇਟੀ ਪੜ੍ਹਾਓ’ ਯੋਜਨਾ ਅਧੀਨ 8 ਸਾਲ ਤੋਂ ਲੈ ਕੇ 35 ਸਾਲ ਦੀਆਂ ਔਰਤਾਂ ਨੂੰ ਸਰਕਾਰ ਦੋ ਲੱਖ ਰੁਪਏ ਦੇ ਰਹੀ ਹੈ। ਇਸ ਦਾ ਫ਼ਾਰਮ ਵੀ ਪਿੰਡ ’ਚ ਮਿਲ ਰਿਹਾ ਹੈ। ਫ਼ਾਰਮ ਭਰਨ ਉੱਤੇ 80 ਰੁਪਏ ਖ਼ਰਚ ਹੋ ਰਹੇ ਹਨ। ਉੱਧਰ ਡਾਕਘਰ ਦੇ ਕਰਮਚਾਰੀ ਇਸ ਮਾਮਲੇ ’ਚ ਕੁਝ ਵੀ ਦੱਸਣ ਦੀ ਹਾਲਤ ’ਚ ਨਹੀਂ ਹਨ ਕਿ ਜਿਹੜਾ ਫ਼ਾਰਮ ਭਰਿਆ ਜਾ ਰਿਹਾ ਹੈ, ਉਹ ਸਹੀ ਹੈ ਜਾਂ ਫ਼ਰਜ਼ੀ।


ਫ਼ਾਰਮ ਵਿੱਚ ਬਿਨੈਕਾਰ ਦੇ ਮਾਪਿਆਂ ਦਾ ਨਾਂ, ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ, ਬੈਂਕ ਖਾਤਾ ਨੰਬਰ ਤੇ ਆਈਐਫ਼ਐਸੀ ਕੋਡ ਤੇ ਈਮੇਲ ਆਈਡੀ ਭਰਨ ਲਈ ਕਿਹਾ ਜਾ ਰਿਹਾ ਹੈ। ਇਸ ਨੂੰ ਭਰਨ ਦੀ ਕੋਈ ਫ਼ੀਸ ਨਹੀਂ ਲਈ ਜਾ ਰਹੀ ਤੇ ਡਾਕ ਘਰ ’ਚ ਇਹ ਫ਼ਾਰਮ ਜਮ੍ਹਾ ਕਰਵਾਇਆ ਜਾ ਰਿਹਾ ਹੈ। ਮੁੰਗੇਰ ਦੇ ਐਸਡੀਓ ਰਣਜੀਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਅਜਿਹੇ ਕਿਸੇ ਵੀ ਫ਼ਾਰਮ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਫ਼ਾਰਮ ਨੂੰ ਫ਼ਰਜ਼ੀ ਕਰਾਰ ਦਿੱਤਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ