Ukraine-Russia War: ਰੂਸ-ਯੂਕਰੇਨ ਜੰਗ ਦਾ ਅੱਜ 12ਵਾਂ ਦਿਨ ਹੈ। ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਦੋ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਕੁਝ ਵੀ ਹਾਸਲ ਨਹੀਂ ਹੋ ਸਕਿਆ। ਅੱਜ ਸ਼ਾਂਤੀ ਯਤਨਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਬੈਠਕ ਹੋਵੇਗੀ। ਇਸ ਦੌਰਾਨ ਭਾਰਤ ਸਰਕਾਰ ਦੇ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਗੱਲਬਾਤ ਕਰਨਗੇ।
ਇਸ ਤੋਂ ਪਹਿਲਾਂ ਯੂਕਰੇਨ ਨੇ ਵੀ ਪੀਐਮ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਸੀ। ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪੀਐਮ ਮੋਦੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਗੱਲ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਜ਼ੇਲੇਂਸਕੀ ਨਾਲ ਗੱਲਬਾਤ ਦੌਰਾਨ ਦੋਹਾਂ ਚੋਟੀ ਦੇ ਨੇਤਾਵਾਂ ਵਿਚਾਲੇ ਇਸ ਗੱਲ 'ਤੇ ਚਰਚਾ ਹੋ ਸਕਦੀ ਹੈ ਕਿ ਯੂਕਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਨੂੰ ਲੈ ਕੇ ਜੰਗ ਨੂੰ ਕਿਵੇਂ ਰੋਕਿਆ ਜਾਵੇ।
ਰੂਸ ਯੂਕਰੇਨ 'ਤੇ ਲਗਾਤਾਰ ਆਪਣੇ ਹਮਲੇ ਤੇਜ਼ ਕਰ ਰਿਹਾ ਹੈ। ਹਮਲੇ 'ਚ ਹੁਣ ਤੱਕ ਯੂਕਰੇਨ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ, ਇਸ ਦੇ ਨਾਲ ਹੀ ਸੈਂਕੜੇ ਜਾਨਾਂ ਜਾ ਚੁੱਕੀਆਂ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵੀ ਰੂਸ ਦੇ ਸਾਹਮਣੇ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਰੂਸ-ਯੂਕਰੇਨ ਵਿਚਾਲੇ ਇਸ ਵਧਦੇ ਤਣਾਅ ਦੇ ਮੱਦੇਨਜ਼ਰ ਹੁਣ ਇਜ਼ਰਾਈਲ, ਫਰਾਂਸ ਤੇ ਤੁਰਕੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਕਿ ਰੂਸ ਅਤੇ ਯੂਕਰੇਨ ਅੱਜ ਤੀਜੇ ਦੌਰ ਦੀ ਗੱਲਬਾਤ ਲਈ ਆਹਮੋ-ਸਾਹਮਣੇ ਬੈਠਣਗੇ। ਇਸ ਤੋਂ ਪਹਿਲਾਂ ਹੋਈ ਦੋ ਦੌਰ ਦੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਸੰਕਟ ਦਾ ਕੂਟਨੀਤਕ ਹੱਲ ਲੱਭਣ ਵਿੱਚ ਯੂਕਰੇਨ ਦੀ ਮਦਦ ਕਰਨਾ ਜਾਰੀ ਰੱਖੇਗਾ, ਭਾਵੇਂ ਉਸ ਦੀਆਂ ਕੋਸ਼ਿਸ਼ਾਂ ਦੇ ਸਫਲ ਹੋਣ ਦੀ ਸੰਭਾਵਨਾ ਨਹੀਂ ਹੈ। ਬੈਨੇਟ ਨੇ ਐਤਵਾਰ ਨੂੰ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਟਿੱਪਣੀ ਕੀਤੀ। ਉਹਨਾਂ ਨੇ ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਚਾਨਕ ਮੀਟਿੰਗ ਤੋਂ ਵਾਪਸ ਪਰਤਣ ਤੋਂ ਕੁਝ ਘੰਟਿਆਂ ਬਾਅਦ ਕੈਬਨਿਟ ਮੀਟਿੰਗ ਕੀਤੀ।
ਇਸ ਦੇ ਨਾਲ ਹੀ ਪੁਤਿਨ ਨੇ ਇਕ ਵਾਰ ਫਿਰ ਫਰਾਂਸ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ। ਫਰਾਂਸ ਨੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਵਿੱਚ ਕੁਝ ਵੀ ਉਤਸ਼ਾਹਜਨਕ ਨਹੀਂ ਸੀ। ਇਸ ਦੌਰਾਨ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਯੂਕਰੇਨ ਵਿੱਚ ਤੁਰੰਤ ਆਮ ਜੰਗਬੰਦੀ ਦੀ ਮੰਗ ਕੀਤੀ। ਉਨ੍ਹਾਂ ਨੇ ਐਤਵਾਰ ਨੂੰ ਰੂਸੀ ਨੇਤਾ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ 'ਤੇ ਗੱਲ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਯੂਕਰੇਨ ਦੇ ਖਿਲਾਫ ਛੇੜੀ ਗਈ ਇਸ ਜੰਗ ਨੂੰ ਰੋਕਣ ਲਈ ਤਿਆਰ ਹਨ ਪਰ ਉਨ੍ਹਾਂ ਨੇ ਕਿਹਾ ਹੈ ਕਿ ਅਜਿਹਾ ਉਦੋਂ ਹੀ ਹੋਵੇਗਾ ਜਦੋਂ ਯੂਕਰੇਨ ਉਨ੍ਹਾਂ ਦੀਆਂ ਸ਼ਰਤਾਂ ਮੰਨ ਲਵੇਗਾ। ਇਹ ਦਾਅਵਾ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨਾਲ ਗੱਲਬਾਤ ਦੇ ਆਧਾਰ 'ਤੇ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰੂਸ ਦੀ ਇੱਕ ਵੱਡੀ ਸ਼ਰਤ ਇਹ ਹੈ ਕਿ ਯੂਕਰੇਨ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਨਾਟੋ ਵਿੱਚ ਸ਼ਾਮਲ ਨਾ ਹੋਵੇ। ਰੂਸ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਹੈ ਕਿ ਯੂਕਰੇਨ ਜੋ ਚਾਹੇ ਕਰ ਲਵੇ, ਪਰ ਉਸਨੂੰ ਨਾਟੋ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਰੂਸ ਦਾ ਦਾਅਵਾ ਹੈ ਕਿ ਯੂਕਰੇਨ ਦਾ ਨਾਟੋ ਦਾ ਮੈਂਬਰ ਬਣਨਾ ਸਾਡੀ ਸੁਰੱਖਿਆ ਨੂੰ ਖਤਰਾ ਹੈ।