Robber Bride: ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 70 ਸਾਲ ਦੀ ਉਮਰ 'ਚ ਵਿਆਹ ਕਰਨਾ ਇਕ ਬਜ਼ੁਰਗ ਨੂੰ ਮਹਿੰਗਾ ਸਾਬਤ ਹੋਇਆ ਹੈ। ਇੰਨੀ ਵੱਡੀ ਉਮਰ 'ਚ ਵਿਆਹ ਦਾ ਲੱਡੂ ਲੱਖਾਂ 'ਚ ਪੈ ਗਿਆ। ਜੀ ਹਾਂ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਅਮਰੋਹਾ ਦਾ ਹੈ। ਜਿੱਥੇ ਘਰ ਤੋਂ 50 ਸਾਲਾ ਲਾੜੀ ਲੱਖਾਂ ਰੁਪਏ ਦੀ ਨਕਦੀ ਸਮੇਤ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਭੱਜ ਗਈ। ਜਿਸ ਤੋਂ ਬਾਅਦ ਬਜ਼ੁਰਗ ਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਅਤੇ ਲਾੜੀ ਨੂੰ ਲੱਭਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਲਾੜੀ ਉਸਦੀ ਸਾਰੀ ਜਮ੍ਹਾ-ਪੂੰਜੀ ਲੈ ਕੇ ਫਰਾਰ ਹੋ ਗਈ ਹੈ। ਜੇਕਰ ਉਸ ਨੂੰ ਆਪਣੀ ਵਹੁਟੀ ਨਹੀਂ ਮਿਲਦੀ ਤਾਂ ਉਹ ਸੜਕਾਂ 'ਤੇ ਆ ਸਕਦਾ ਹੈ ਕਿਉਂਕਿ ਹੁਣ ਉਸ ਕੋਲ ਆਪਣੇ ਘਰ ਤੋਂ ਇਲਾਵਾ ਕੁਝ ਵੀ ਨਹੀਂ ਹੈ। ਦੂਜੇ ਪਾਸੇ ਪੁਲਿਸ ਨੇ ਹੁਣ ਲਾੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।



ਇੱਕ ਵਿਧਵਾ ਨਾਲ ਵਿਆਹ ਕੀਤਾ


ਦਰਅਸਲ, ਅਮਰੋਹਾ ਦੇ ਰਾਹੜਾ ਥਾਣਾ ਖੇਤਰ ਦੇ ਪਿੰਡ ਗੰਗਵਾਰ ਦੀ ਰਹਿਣ ਵਾਲੀ 16 ਪੋਤੇ-ਪੋਤੀਆਂ ਵਾਲੇ 70 ਸਾਲਾ ਸੁਬਰਤੀ ਦੀ ਪਤਨੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਤਿੰਨ ਸਾਲ ਪਹਿਲਾਂ ਸੁਬਰਤੀ ਦੇ ਦਿਲ 'ਚ ਵਿਆਹ ਦੀ ਇੱਛਾ ਜਾਗ ਪਈ ਸੀ, ਇਸੇ ਦੌਰਾਨ ਨਜ਼ਦੀਕੀ ਪਿੰਡ 'ਚ ਰਹਿਣ ਵਾਲੇ ਇਕ ਨੌਜਵਾਨ ਨੇ ਸੈਦਾਂਗਲੀ ਥਾਣਾ ਖੇਤਰ ਦੀ ਇਕ 50 ਸਾਲਾ ਵਿਧਵਾ ਔਰਤ ਨੂੰ ਦੱਸਿਆ, ਜਿਸ ਦੇ ਤਿੰਨ ਬੱਚੇ ਹਨ ਸੁਬਰਤੀ ਨਾਲ ਵਿਆਹ ਕਰਨ ਲਈ ਤਿਆਰ ਹੋ ਗਈ।


ਮੋਟੀ ਰਕਮ ਅਤੇ ਗਹਿਣੇ ਲੈ ਕੇ ਰਫੂ ਚੱਕਰ ਹੋਈ ਲਾੜੀ


ਦੋ ਸਾਲ ਪਹਿਲਾਂ ਬਜ਼ੁਰਗ ਨੇ ਉਕਤ ਔਰਤ ਨਾਲ ਕੋਰਟ ਮੈਰਿਜ ਕੀਤੀ ਸੀ। ਸੁਬਰਤੀ ਦਾ ਕਹਿਣਾ ਹੈ ਕਿ ਔਰਤ ਨੇ ਇਕੱਠੇ ਰਹਿਣ ਅਤੇ ਮਰਨ ਦੀ ਸਹੁੰ ਖਾ ਕੇ ਲਗਭਗ 5 ਲੱਖ ਰੁਪਏ ਲੈ ਲਏ ਅਤੇ ਆਪਣੀ ਪਹਿਲੀ ਪਤਨੀ ਦੇ ਗਹਿਣੇ ਵੀ ਸੌਂਪ ਦਿੱਤੇ। ਹੁਣ ਉਹ ਪੈਸੇ ਅਤੇ ਗਹਿਣੇ ਲੈ ਕੇ ਭੱਜ ਗਈ।


ਇਸ ਪੂਰੇ ਮਾਮਲੇ 'ਚ ਦੀਪ ਕੁਮਾਰ ਪੰਤ ਨੇ ਦੱਸਿਆ ਕਿ ਪੀੜਤ ਵੱਲੋਂ ਦਰਖਾਸਤ ਦਿੱਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।