ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਟੈਕਸਾਸ ਖੇਤਰ ਦੇ ਹਿਊਸਟਨ ਸ਼ਹਿਰ ‘ਚ ‘ਹਾਓਡੀ ਮੋਦੀ’ ਸਮਾਗਮ ਨੂੰ ਸੰਬੋਧਨ ਕੀਤਾ। ਇੱਥੇ ਉਨ੍ਹਾਂ ਨੇ ਇੱਕ ਨਾਅਰਾ ਲਾਇਆ ਜਿਸ ਨੂੰ ਲੈ ਕੇ ਭਾਰਤ ‘ਚ ਸਿਆਸਤ ਤੇਜ਼ ਹੋ ਗਈ ਹੈ। ਕਾਂਗਰਸ ਨੇ ਇਸ ਨਾਅਰੇ ਨੂੰ ਟਰੰਪ ਲਈ ਕੀਤਾ ਗਿਆ ਚੋਣ ਪ੍ਰਚਾਰ ਕਰਾਰ ਦਿੱਤਾ ਹੈ। ਇਸ ਨੂੰ ਭਾਰਤ ਦੀ ਵਿਦੇਸ਼ ਨੀਤੀ ਦੀ ਉਲੰਘਣਾ ਦੱਸਿਆ ਹੈ। ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਅਮਰੀਕੀ ਚੋਣਾਂ ਦੇ ਸਟਾਰ ਪ੍ਰਚਾਰਕ ਨਹੀਂ ਹਨ।

ਕਾਂਗਰਸ ਨੇਤਾ ਨੇ ਕਿਹਾ, “ਮਿਸਟਰ ਪ੍ਰਾਈਮ ਮਿਨੀਸਟਰ, ਤੁਸੀਂ ਕਿਸੇ ਦੂਜੇ ਦੇਸ਼ ਦੇ ਘਰੇਲੂ ਚੋਣਾਂ ‘ਚ ਦਖਲਅੰਦਾਜ਼ੀ ਨਾ ਕਰਨ ਦੀ ਭਾਰਤੀ ਵਿਦੇਸ਼ ਨੀਤੀ ਦੇ ਸਨਮਾਨਿਤ ਸਿਧਾਂਤਾਂ ਦਾ ਉਲੰਘਣ ਕੀਤਾ ਹੈ। ਇਹ ਭਾਰਤੀ ਰਣਨੀਤਕ ਹਿੱਤਾਂ ਲਈ ਠੀਕ ਨਹੀਂ ਹੈ। ਸੰਯੁਕਤ ਰਾਸ਼ਟਰ ਅਮਰੀਕਾ ਨਾਲ ਭਾਰਤ ਦੇ ਸਬੰਧ ਰਿਪਬਲੀਕਨ ਤੇ ਡੈਮੋਕ੍ਰੈਟਿਕ ਲਈ ਇੱਕੋ ਜਿਹੇ ਹਨ। ਟਰੰਪ ਲਈ ਤੁਹਾਡਾ ਇਹ ਪ੍ਰਚਾਰ ਭਾਰਤ ਤੇ ਅਮਰੀਕਾ ਦੋਵਾਂ ਦੇਸ਼ਾਂ ਤੇ ਉਨ੍ਹਾਂ ਦੇ ਲੋਕਤੰਤਰ ਲਈ ਸਹੀ ਨਹੀਂ ਹੈ।”

ਆਨੰਦ ਨੇ ਇੱਕ ਤੋਂ ਬਾਅਦ ਇੱਕ ਸਿਲਸਿਲੇਵਾਰ ਕਈ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਪੀਐਮ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਸਾਡੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਅਮਰੀਕਾ ਗਏ ਹਨ ਨਾ ਕਿ ਅਮਰੀਕੀ ਚੋਣਾਂ ਦੇ ਸਟਾਰ ਪ੍ਰਚਾਰਕ ਦੇ ਤੌਰ ‘ਤੇ।

ਉਧਰ ਦੂਜੇ ਪਾਸੇ ਭਾਜਪਾ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਹਾਓਡੀ ਮੋਦੀ ਸਮਾਗਮ ਨਾਲ ਪੂਰੀ ਦੁਨੀਆ ‘ਚ ਸਾਫ਼ ਸੁਨੇਹਾ ਦਿੱਤਾ ਗਿਆ ਹੈ ਕਿ ਨਵਾਂ ਭਾਰਤ ਦੇਸ਼ ਨੂੰ ਇੱਕਜੁਟ ਤੇ ਸੁਰੱਖਿਅਤ ਰੱਖਣ ਲਈ ਕੋਈ ਕਸਰ ਨਹੀਂ ਛੱਡੇਗਾ। ਪ੍ਰਧਾਨ ਮੰਤਰੀ ਮੋਦੀ ਦੀ ਨੁਮਾਇੰਦਗੀ ਲਈ ਧੰਨਵਾਦ, ਅੱਜ ਪੂਰੀ ਦੁਨੀਆ ਅੱਤਵਾਦ ਖਿਲਾਫ ਨਿਰਣਾਇਕ ਲੜਾਈ ‘ਚ ਭਾਰਤ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।


ਬੀਤੇ ਦਿਨੀਂ ਹਾਓਡੀ ਮੋਦੀ ਸਮਾਗਮ ‘ਚ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਸੀ ਕਿ ਅਸੀਂ ਭਾਰਤ ‘ਚ ਰਾਸ਼ਟਰਪਤੀ ਟਰੰਪ ਨਾਲ ਚੰਗੇ ਤਰੀਕੇ ਨਾਲ ਜੁੜੇ ਹਾਂ ਤੇ ਉਮੀਦਵਾਰ ਟਰੰਪ ਲਈ ਮੈਂ ਕਹਾਂਗਾ, “ਅਬਕੀ ਵਾਰ ਟਰੰਪ ਸਰਕਾਰ’। ਇਸ ਦੇ ਨਾਲ ਹੀ ਸਿਆਸਤ ਇਸ ਲਈ ਵੀ ਗਰਮਾ ਗਈ ਕਿਉਂਕਿ ਅਮਰੀਕਾ ‘ਚ ਅਗਲੇ ਸਾਲ ਚੋਣਾਂ ਹਨ। ਇਸ ‘ਚ ਭਾਰਤੀ ਭਾਈਚਾਰਾ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ ਤੇ ਟਰੰਪ ਵੀ ਭਾਰਤੀਆਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਛੱਡਣਾ ਨਹੀਂ ਚਾਹੁੰਦੇ।