ਜਦੋਂ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਹੋਏ ਹਨ, ਉਦੋਂ ਤੋਂ ਬਿਨਾਂ ਹੈਲਮੇਟ ਤੇ ਡਰਾਈਵਿੰਗ ਲਾਇਸੈਂਸਾਂ ਦੇ ਵਾਹਨ ਚਲਾਉਣ ਵਾਲਿਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਪੁਲਿਸ ਖੁਦ ਵੀ ਪ੍ਰੇਸ਼ਾਨੀ ਵਿੱਚ ਹੈ ਕਿਉਂਕਿ ਨਵੇਂ ਨਿਯਮਾਂ ਦੇ ਅਨੁਸਾਰ, ਜੇ ਕੋਈ ਪੁਲਿਸ ਕਰਮਚਾਰੀ ਇਨ੍ਹਾਂ ਨਿਯਮਾਂ ਨੂੰ ਤੋੜਦਾ ਹੈ, ਤਾਂ ਉਸ ਨੂੰ ਦੋਹਰਾ ਜ਼ੁਰਮਾਨਾ ਲਾਇਆ ਜਾਵੇਗਾ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਯੂਪੀ ਦੇ ਮਹਿਰਾਗੰਜ ਵਿੱਚ ਇੱਕ ਇੰਸਪੈਕਟਰ ਨੂੰ ਆਪਣੇ ਹੀ ਮੋਟਰ ਸਾਈਕਲ ਦਾ ਚਲਾਨ ਖੁਦ ਕੱਟਣਾ ਪਿਆ, ਜਿਸ ਦੀ ਹੁਣ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਹ ਮਾਮਲਾ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਚਲਾਉਣ ਦਾ ਹੈ। ਇਸ ਇੰਸਪੈਕਟਰ ਨੇ ਇੱਕ ਪਿੰਡ ਵਾਲੇ ਦਾ ਚਲਾਨ ਕੱਟ ਦਿੱਤਾ ਜੋ ਹੈਲਮੇਟ ਤੋਂ ਬਿਨਾ ਬਾਈਕ ਚਲਾ ਰਿਹਾ ਸੀ। ਜਿਵੇਂ ਹੀ ਇੰਸਪੈਕਟਰ ਨੇ ਪਿੰਡ ਵਾਸੀਆਂ ਦੇ ਚਲਾਨ ਕੱਟੇ ਤਾਂ ਉਨ੍ਹਾਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਦਰਅਸਲ ਹੰਗਾਮਾ ਕਰਨ ਵਾਲੇ ਕੁਝ ਲੋਕਾਂ ਨੇ ਇੰਸਪੈਕਟਰ ਨੂੰ ਕਿਹਾ ਕਿ- ਤੁਸੀਂ ਵੀ ਤਾਂ ਹੈਲਮੇਟ ਨਹੀਂ ਲਾਇਆ, ਆਪਣਾ ਵੀ ਚਲਾਨ ਕਰੋ। ਉਸ ਤੋਂ ਬਾਅਦ ਲੋਕਾਂ ਨੇ ਇੰਸਪੈਕਟਰ ਦੇ ਸਾਹਮਣੇ ਕਾਫੀ ਹੰਗਾਮਾ ਕੀਤਾ। ਪਿੰਡ ਵਾਲੇ ਇਸ ਗੱਲ 'ਤੇ ਅੜੇ ਸਨ ਕਿ ਪੁਲਿਸ ਨੂੰ ਵੀ ਬਿਨਾਂ ਹੈਲਮੇਟ ਬਾਈਕ ਚਲਾਉਣ ਕਰਕੇ ਆਪਣਾ ਚਲਾਨ ਕੱਟਣਾ ਪਏਗਾ। ਤਾਂ ਹੀ ਉਹ ਉਥੋਂ ਜਾਣ ਦੇਣਗੇ। ਇਸ ਮਜਬੂਰੀ ਕਰਕੇ ਥਾਣੇਦਾਰ ਨੂੰ ਆਪਣਾ ਵੀ ਚਲਾਨ ਕੱਟਣਾ ਪਿਆ।