ਨਵੀਂ ਦਿੱਲੀ: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਕਾਨਪੁਰ ਦੇ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਵਿਭਾਗ ਵਿੱਚ ਪ੍ਰੋਫੈਸਰ ਤੇ ਡਿਪਟੀ ਡਾਇਰੈਕਟਰ ਮਨਿੰਦਰ ਅਗਰਵਾਲ ਨੇ ਵੱਡਾ ਦਾਅਵਾ ਕੀਤਾ ਹੈ। ਅਗਰਵਾਲ ਦਾ ਕਹਿਣਾ ਹੈ ਕਿ ਮਾਰੂ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਅਸਰ ਨਵੇਂ ਸਾਲ ਵਿੱਚ ਦੇਖਣ ਨੂੰ ਮਿਲੇਗਾ। ਜਨਵਰੀ 2022 ਦੇ ਆਖਰੀ ਹਫ਼ਤੇ ਤੇ ਫਰਵਰੀ ਦੀ ਸ਼ੁਰੂਆਤ ਵਿੱਚ ਇਸ ਵੇਰੀਐਂਟ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਸਿੱਖਰ 'ਤੇ ਹੋਏਗੀ।

ਅਗਰਵਾਲ ਮੁਤਾਬਕ, ਇਸ ਵੇਰੀਐਂਟ ਦੇ ਤੇਜ਼ੀ ਨਾਲ ਫੈਲਣ ਦੇ ਲੱਛਣ ਤਾਂ ਹਨ ਪਰ ਇਹ ਜ਼ਿਆਦਾ ਘਾਤਕ ਨਹੀਂ ਦਿਖ ਰਹੇ। ਇਸ ਵੇਰੀਐਂਟ ਦੇ ਹਾਈ ਇਮਊਨਿਟੀ ਨੂੰ ਬਾਈਪਾਸ ਕਰਨ ਦੀ ਸੰਭਾਵਨਾ ਘੱਟ ਹੈ। ਹਾਲਾਂਕਿ ਇਸਦੇ ਫੈਲਣ ਦੇ ਲੱਛਣ ਜ਼ਿਆਦਾ ਹਨ ਤੇ ਅਜੇ ਤੱਕ ਸਾਊਥ ਅਫਰੀਕਾ ਤੋਂ ਲੈ ਕੇ ਦੁਨਿਆ ਭਰ ਵਿੱਚ ਇਹ ਜਿੱਥੇ ਵੀ ਫੈਲਿਆ ਹੈ, ਇਸ ਦੇ ਲੱਛਣ ਗੰਭੀਰ ਨਹੀਂ ਬਲਕਿ ਹਲਕੇ ਨਜ਼ਰ ਆਏ ਹਨ।

IIT ਪ੍ਰੋਫੈਸਰ ਦੀ ਖੋਜ ਅਨੁਸਾਰ, ਭਾਰਤ ਵਿੱਚ ਇਸ ਦੀ ਗੰਭੀਰਤਾ ਜ਼ਿਆਦਾ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ 80 ਫੀਸਦੀ ਲੋਕਾਂ 'ਚ ਨੈਚੂਰਲ ਇਮਯੂਨਿਟੀ ਡੈਵਲਪ ਹੋ ਚੁੱਕੀ ਹੈ। ਅਜਿਹੇ ਵਿੱਚ ਜੇ ਇਸ ਦੀ ਲਹਿਰ ਆਉਂਦੀ ਵੀ ਹੈ ਤਾਂ ਇਸ ਦਾ ਅਸਰ ਡੈਲਟਾ ਵੇਰੀਐਂਟ ਵਰਗਾ ਨਹੀਂ ਹੋਏਗਾ। ਪ੍ਰਫੈਸਰ ਅਗਰਵਾਲ ਨੇ ਪਹਿਲੀ ਤੇ ਦੂਜੀ ਲਹਿਰ 'ਤੇ ਵੀ ਆਪਣੀ ਰਿਸਰਚ ਜਾਰੀ ਕੀਤੀ ਸੀ। ਉਨ੍ਹਾਂ ਦੀ ਖੋਜ ਕਾਫੀ ਹੱਦ ਤੱਕ ਸਹੀ ਸਾਬਤ ਹੋਈ ਸੀ।

ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਤੋਂ ਨਿਕਲਿਆ ਓਮੀਕਰੋਨ  ਵੇਰੀਐਂਟ ਦੁਨੀਆ ਦੇ ਤਕਰੀਬਨ 30 ਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਭਾਰਤ ਦੇ ਕਰਨਾਟਕਾ, ਗੁਜਰਾਤ, ਮਹਾਰਾਸ਼ਟਰ ਵਿੱਚ ਵੀ ਇਸ ਵੇਰੀਐਂਟ ਦੇ 4 ਕੇਸ ਮਿਲ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਵਿੱਚ ਫਿਲਹਾਲ ਹਲਕੇ ਲੱਛਣ ਹਨ।


 


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ