Weather Update: ਦੇਸ਼ ਭਰ ਵਿੱਚ ਬਦਲਦਾ ਹੋਇਆ ਮੌਸਮ ਆਪਣਾ ਕਹਿਰ ਦਿਖਾ ਰਿਹਾ ਹੈ। ਹਾਲਾਂਕਿ ਕਈ ਇਲਾਕੇ ਅਜਿਹੇ ਵੀ ਹਨ, ਜੋ ਗਰਮੀ ਦੀ ਮਾਰ ਝੱਲ ਰਹੇ ਹਨ। ਦੱਸ ਦੇਈਏ ਕਿ ਕਈ ਖੇਤਰਾਂ ਵਿੱਚ ਗਰਜ ਅਤੇ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਕੜਾਕੇ ਦੀ ਧੁੱਪ ਤੋਂ ਰਾਹਤ ਮਿਲੀ ਹੈ। ਇਸ ਵਿਚਾਲੇ ਦੇਸ਼ ਦੇ ਪੂਰਬੀ, ਮੱਧ ਅਤੇ ਦੱਖਣੀ ਹਿੱਸਿਆਂ ਵਿੱਚ ਇੱਕ ਵਾਰ ਫਿਰ ਮੌਸਮ ਵਿਗੜ ਗਿਆ ਹੈ। ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਪੱਛਮੀ ਮੱਧ ਪ੍ਰਦੇਸ਼ ਸਮੇਤ ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ ਦੇ ਉਪ-ਹਿਮਾਲੀਅਨ ਖੇਤਰਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਪਿਆ ਹੈ। ਤੂਫਾਨ ਦਾ ਅਸਰ ਕਈ ਥਾਵਾਂ 'ਤੇ ਦੇਖਿਆ ਗਿਆ ਹੈ।


ਧੂੜ ਭਰੀ ਹਨੇਰੀ ਸਣੇ ਕਈ ਥਾਵਾਂ 'ਤੇ ਗੜੇਮਾਰੀ


ਪੂਰਬੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਈ ਇਲਾਕਿਆਂ 'ਚ ਧੂੜ ਭਰੀ ਹਨੇਰੀ ਆਈ ਅਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ। ਮੌਸਮ ਵਿਭਾਗ ਨੇ ਕਿਹਾ ਕਿ 16 ਮਈ ਤੱਕ ਇਨ੍ਹਾਂ ਰਾਜਾਂ ਦੇ ਜ਼ਿਆਦਾਤਰ ਖੇਤਰਾਂ ਵਿੱਚ ਅਜਿਹਾ ਹੀ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਮੱਧ ਮਹਾਰਾਸ਼ਟਰ, ਉੱਤਰੀ ਅੰਦਰੂਨੀ ਕਰਨਾਟਕ, ਕੇਰਲ ਅਤੇ ਮਹਾਰਾਸ਼ਟਰ ਦੇ ਕੁਝ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਈ ਹੈ। ਇਸ ਦੌਰਾਨ ਝਾਰਖੰਡ, ਪੱਛਮੀ ਮੱਧ ਪ੍ਰਦੇਸ਼ ਅਤੇ ਮੱਧ ਮਹਾਰਾਸ਼ਟਰ ਦੇ ਵੱਖ-ਵੱਖ ਖੇਤਰਾਂ ਵਿੱਚ ਗੜੇਮਾਰੀ ਦਰਜ ਕੀਤੀ ਗਈ।


16 ਮਈ ਤੱਕ ਰਹੇਗਾ ਅਜਿਹਾ ਮੌਸਮ


ਬਿਹਾਰ ਅਤੇ ਝਾਰਖੰਡ ਤੋਂ ਇਲਾਵਾ ਛੱਤੀਸਗੜ੍ਹ, ਗੰਗਾ ਪੱਛਮੀ ਬੰਗਾਲ, ਉੜੀਸਾ, ਪੂਰਬੀ ਉੱਤਰ ਪ੍ਰਦੇਸ਼, ਗੁਜਰਾਤ ਖੇਤਰ, ਮਰਾਠਵਾੜਾ, ਤੇਲੰਗਾਨਾ ਦੇ ਕਈ ਖੇਤਰਾਂ ਵਿੱਚ ਗਰਜ ਅਤੇ ਤੇਜ਼ ਹਵਾਵਾਂ ਚੱਲੀਆਂ। ਆਈਐਮਡੀ ਦੇ ਅਨੁਸਾਰ, ਪੱਛਮੀ ਗੜਬੜ ਇਸ ਸਮੇਂ ਉੱਤਰੀ ਪਾਕਿਸਤਾਨ ਵਿੱਚ ਸਰਗਰਮ ਹੈ। ਪੱਛਮੀ ਉੱਤਰ ਪ੍ਰਦੇਸ਼ ਅਤੇ ਦੱਖਣੀ ਰਾਜਸਥਾਨ ਦੇ ਉੱਪਰ ਹੇਠਲੇ ਟਰਪੋਸਫੀਅਰ ਵਿੱਚ ਚੱਕਰਵਾਤੀ ਹਵਾਵਾਂ ਦਾ ਇੱਕ ਖੇਤਰ ਬਣਦਾ ਹੈ। ਇਸ ਦੇ ਪ੍ਰਭਾਵ ਕਾਰਨ 14 ਮਈ ਤੱਕ ਪੂਰਬੀ ਅਤੇ ਮੱਧ ਭਾਰਤ ਵਿੱਚ ਮੀਂਹ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਜਿਹਾ ਮੌਸਮ ਦੱਖਣੀ ਪ੍ਰਾਇਦੀਪ ਭਾਰਤ ਵਿੱਚ 16 ਮਈ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਉੱਤਰੀ-ਪੱਛਮੀ ਭਾਰਤ ਵਿੱਚ ਗਰਮੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਦੋ ਦਿਨ ਪਹਿਲਾਂ ਆਏ ਤੂਫ਼ਾਨ ਦੇ ਨਾਲ-ਨਾਲ ਤੇਜ਼ ਬਾਰਿਸ਼ ਕਾਰਨ ਉੱਤਰੀ-ਪੱਛਮੀ ਭਾਰਤ ਵਿੱਚ ਮੌਸਮ ਠੰਡਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।