Weather Update Today: ਫਿਲਹਾਲ ਦੇਸ਼ ਭਰ ਦੇ ਕਈ ਸੂਬਿਆਂ 'ਚ ਮੀਂਹ ਤੋਂ ਬਾਅਦ ਮੌਸਮ 'ਚ ਬਦਲਾਅ ਆਇਆ ਹੈ। ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਤੇਜ਼ ਹਵਾਵਾਂ ਦੇ ਨਾਲ ਤੇਜ਼ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਯਾਨੀ ਸ਼ਨੀਵਾਰ (16 ਸਤੰਬਰ) ਨੂੰ ਮੀਂਹ ਨੂੰ ਲੈ ਕੇ ਕਈ ਰਾਜਾਂ ਵਿੱਚ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੱਖਣੀ-ਪੱਛਮੀ ਮੱਧ ਪ੍ਰਦੇਸ਼ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਿੱਥੇ ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਅਨੁਸਾਰ, ਦਿੱਲੀ-ਐਨਸੀਆਰ ਵਿੱਚ ਸ਼ਨੀਵਾਰ (16 ਸਤੰਬਰ) ਨੂੰ ਦਿਨ ਭਰ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਦਿੱਲੀ 'ਚ ਆਸਮਾਨ 'ਚ ਬੱਦਲ ਛਾਏ ਰਹਿਣ ਅਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਅੱਜ ਕਿੱਥੇ ਮੀਂਹ ਪਵੇਗਾ?
ਯੂਪੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਬਾਰਿਸ਼ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਹੋਈ ਭਾਰੀ ਬਾਰਿਸ਼ ਤੋਂ ਬਾਅਦ ਸੂਬੇ ਦਾ ਮੌਸਮ ਬਦਲ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਵੀ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਉੱਤਰਾਖੰਡ 'ਚ ਵੀ ਮੀਂਹ ਤੋਂ ਬਾਅਦ ਲੋਕਾਂ ਨੂੰ ਧੁੱਪ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ। ਸ਼ਨੀਵਾਰ (16 ਸਤੰਬਰ) ਨੂੰ ਸੂਬੇ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇੰਨਾ ਹੀ ਨਹੀਂ 5 ਜ਼ਿਲਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ। ਆਈਐਮਡੀ ਦੇ ਅਨੁਸਾਰ, ਪੱਛਮੀ ਮੱਧ ਪ੍ਰਦੇਸ਼ ਰੈੱਡ ਅਲਰਟ 'ਤੇ ਹੈ ਕਿਉਂਕਿ 17 ਸਤੰਬਰ ਤੱਕ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 17 ਸਤੰਬਰ ਤੱਕ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਜੰਮੂ ਡਿਵੀਜ਼ਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
ਪੰਜਾਬ ਦਾ ਮੌਸਮ
15 ਸਤੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ 18 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂਕਿ ਮੌਸਮ ਵਿਭਾਗ ਨੇ ਪੂਰੇ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਮਾਹਿਰਾਂ ਮੁਤਾਬਕ ਇਸ ਮੀਂਹ ਤੋਂ ਬਾਅਦ ਮੌਸਮ 'ਚ ਬਦਲਾਅ ਆਵੇਗਾ। ਰਾਤਾਂ ਠੰਢੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜਦੋਂਕਿ ਦਿਨ ਦਾ ਤਾਪਮਾਨ ਵੀ ਘੱਟ ਜਾਵੇਗਾ। ਅੱਜ ਸ਼ਨੀਵਾਰ ਦੀ ਸਵੇਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੂਰਜ ਦੀ ਚਮਕ ਦੇਖਣ ਮਿਲ ਰਹੀ ਹੈ। ਜਿਸ ਕਰਕੇ ਕਈ ਥਾਵਾਂ ਉੱਤੇ ਮੌਸਮ ਖੁਸ਼ਕ ਨਜ਼ਰ ਆ ਰਿਹਾ ਹੈ।
ਮੱਧ ਪ੍ਰਦੇਸ਼ 'ਚ ਮੀਂਹ ਦਾ ਕਹਿਰ ਜਾਰੀ ਹੈ
IMD ਨੇ ਰਾਜਸਥਾਨ, ਗੁਜਰਾਤ, ਗੋਆ, ਕਰਨਾਟਕ, ਕੇਰਲ ਅਤੇ ਅੰਡੇਮਾਨ ਅਤੇ ਨਿਕੋਬਾਰ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੱਧ ਪ੍ਰਦੇਸ਼ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਨੇ ਅਜਿਹਾ ਕਰ ਲਿਆ ਹੈ ਕਿ ਸੜਕਾਂ ਤੋਂ ਲੈ ਕੇ ਘਰਾਂ ਤੱਕ ਹਰ ਪਾਸੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਨਦੀਆਂ ਦੇ ਤੇਜ਼ ਹੋਣ ਕਾਰਨ ਬੈਤੂਲ ਵਿੱਚ ਇੱਕ ਆਟੋ ਨਦੀ ਵਿੱਚ ਫਸ ਗਿਆ। ਆਟੋ 'ਚ 4 ਲੋਕ ਸਵਾਰ ਸਨ, ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।