ਨਵੀਂ ਦਿੱਲੀ: ਸਰਕਾਰ ਨੇ ਆਪਣੇ ਮੁਲਾਜ਼ਮਾਂ ਦੀਆਂ ਛੁੱਟੀਆਂ ਨੂੰ ਲੈ ਕੇ ਕਈ ਸਵਾਲਾਂ 'ਤੇ ਸਥਿਤੀ ਸਪੱਸ਼ਟ ਕੀਤੀ ਹੈ। ਇਸ ਵਿੱਚ ਦੱਸਿਆ ਕਿ ਕੋਈ ਸਰਕਾਰੀ ਮੁਲਾਜ਼ਮ ਲਗਾਤਾਰ ਕਿੰਨੇ ਦਿਨਾਂ ਤੱਕ ਛੁੱਟੀਆਂ ਲੈ ਸਕਦਾ ਹੈ ਅਤੇ ਉਸ ਤੋਂ ਬਾਅਦ ਨੌਕਰੀ 'ਤੇ ਕੀ ਅਸਰ ਪਵੇਗਾ। ਸਰਕਾਰ ਨੇ FAQ ਜਾਰੀ ਕਰਕੇ ਮੁਲਾਜ਼ਮਾਂ ਦੀਆਂ ਛੁੱਟੀਆਂ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਇਸ ਦਾ ਮਕਸਦ ਮੁਲਾਜ਼ਮਾਂ ਦੀ ਦੁਚਿੱਤੀ ਦੂਰ ਕਰਕੇ ਸੇਵਾਵਾਂ ਨਾਲ ਜੁੜੀਆਂ ਸਾਰੀਆਂ ਸ਼ਰਤਾਂ ਦੀ ਜਾਣਕਾਰੀ ਦੇਣਾ ਹੈ। FAQ ਵਿੱਚ ਵੱਖ-ਵੱਖ ਵਿਭਾਗਾਂ ਦੇ ਇਨਟਾਇਟਲਮੈਂਟਸ, ਛੁੱਟੀ ਯਾਤਰਾ ਰਿਆਇਤ, ਛੁੱਟੀ ਇਨਕੈਸ਼ਮੈਂਟ, ਈਐੱਲ ਦਾ ਇਨਕੈਸ਼ਮੈਂਟ, ਪੈਟਰਨਿਟੀ ਛੁੱਟੀ ਜਿਹੇ ਮਾਮਲਿਆਂ ਵਿੱਚ ਸਰਕਾਰ ਵੱਲੋਂ ਸਪੱਸ਼ਟ ਜਾਣਕਾਰੀ ਦਿੱਤੀ ਗਈ ਹੈ।


ਵਿਦੇਸ਼ ਮਹਿਕਮੇ ਨਾਲ ਜੁੜੇ ਕਰਮਚਾਰੀਆਂ ਨੂੰ ਛੋਟ


FAQ ਦੇ ਮੁਤਾਬਕ, ਸਰਕਾਰ ਨੇ ਸਾਫ਼ ਕਿਹਾ ਹੈ ਕਿ ਜੇ ਕੋਈ ਕਰਮਚਾਰੀ ਲਗਾਤਾਰ ਪੰਜ ਸਾਲ ਤੋਂ ਜ਼ਿਆਦਾ ਸਮੇ ਤੱਕ ਛੁੱਟੀ 'ਤੇ ਰਹਿੰਦਾ ਹੈ ਤਾਂ ਉਸ ਦੀਆਂ ਸੇਵਾਵਾਂ ਖ਼ਤਮ ਮੰਨ ਲਈਆਂ ਜਾਣਗੀਆਂ। ਵਿਦੇਸ਼ ਸਰਵਿਸ ਨੂੰ ਛੱਡਕੇ ਹੋਰ ਕਿਸੇ ਖ਼ੇਤਰ ਦਾ ਸਰਕਾਰੀ ਕਰਮਚਾਰੀ ਜੇ ਪੰਜ ਸਾਲ ਤੋਂ ਜ਼ਿਆਦਾ ਸਮੇਂ ਤੱਕ ਛੁੱਟੀ 'ਤੇ ਰਹਿੰਦਾ ਹੈ ਤਾਂ ਮੰਨਿਆ ਜਾਵੇਗਾ ਕਿ ਉਸ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਤਲਬ ਕਰਮਚਾਰੀ ਨੂੰ ਲਗਾਤਾਰ ਪੰਜ ਸਾਲ ਤੋਂ ਜ਼ਿਆਦਾ ਛੁੱਟੀ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ।



ਲੀਵ ਇਨਕੈਸ਼ਮੈਂਟ 'ਤੇ ਕੀ ਹਨ ਨਿਯਮ ?


ਸਰਕਾਰ ਨੇ FAQ ਵਿੱਚ ਕਿਹਾ ਹੈ ਕਿ ਕਰਮਚਾਰੀ ਨੂੰ ਲੀਵ ਇਨਕੈਸ਼ਮੈਂਟ ਦੀ ਮਨਜ਼ੂਰੀ ਪਹਿਲਾਂ ਲੈਣੀ ਚਾਹੀਦੀ ਹੈ, ਜੋ ਐਲਟੀਸੀ ਦੇ ਨਾਲ ਲੈਣਾ ਸਹੀ ਰਹੇਗਾ। ਕੁਝ ਮਾਮਲਿਆਂ ਵਿੱਚ ਤੈਅ ਸਮੇਂ ਤੋਂ ਬਾਅਦ ਵੀ ਲੀਵ ਇਨਕੈਸ਼ਮੈਂਟ ਕੀਤਾ ਜਾ ਸਕਦਾ ਹੈ। ਬੱਚੇ ਦੀ ਦੇਖਭਾਲ ਦੇ ਲਈ ਚਾਇਲਡ ਕੇਅਰ ਲੀਵ ਵੀ ਸਿਰਫ਼ ਔਰਤਾਂ ਨੂੰ ਦਿੱਤੀ ਜਾਂਦੀ ਹੈ, ਜੇ ਬੱਚਾ ਵਿਦੇਸ਼ ਵਿੱਚ ਪੜ੍ਹਾਈ ਕਰ ਰਿਹਾ ਹੈ ਤਾਂ ਉਸ ਦੀ ਦੇਖਭਾਲ ਦੇ ਲਈ ਮਹਿਲਾ ਮੁਲਾਜ਼ਮ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਪੈਂਦੀ ਹੈ ਤਾਂ ਕੁਝ ਜ਼ਰੂਰੀ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਇਹ ਛੁੱਟੀ ਮਿਲ ਜਾਵੇਗੀ।


 


ਪੜ੍ਹਾਈ ਦੇ ਲਈ ਕਿੰਨੇ ਦਿਨ ਦੀ ਛੁੱਟੀ ?


ਸਰਕਾਰ ਨੇ ਸਾਫ਼ ਕੀਤਾ ਹੈ ਕਿ ਜੇ ਕਿਸੇ ਮੁਲਾਜ਼ਮ ਨੂੰ ਪੜ੍ਹਾਈ ਲਈ ਛੁੱਟੀ ਦੀ ਜ਼ਰੂਰਤ ਹੈ ਤਾਂ ਉਹ ਪੂਰੇ ਸੇਵਾ ਕਾਲ ਵਿੱਚ 24 ਮਹੀਨੇ ਦੀ ਛੁੱਟੀ ਇਸ ਲਈ ਲੈ ਸਕਦਾ ਹੈ। ਇਹ ਛੁੱਟੀ ਇੱਕੋ ਵੇਲੇ ਵੀ ਲਈ ਜਾ ਸਕਦੀ ਹੈ ਤੇ ਕੁਝ-ਕੁਝ ਸਮੇਂ ਬਾਅਦ ਵੀ। ਕੇਂਦਰ ਸਿਹਤ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਪੜ੍ਹਾਈ ਲਈ 36 ਮਹੀਨਿਆਂ ਦੀ ਛੁੱਟੀ ਦਿੱਤੀ ਜਾਂਦੀ ਹੈ।