ਨਵੀਂ ਦਿੱਲੀ: ਦੁਨੀਆ ਅੰਦਰ ਅੰਨ੍ਹ ਸੰਕਟ ਪੈਦਾ ਹੋਣ ਦੀਆਂ ਖ਼ਬਰਾਂ ਵਿਚਾਲੇ ਭਾਰਤ ਅੰਦਰ ਵੀ ਫਿਕਰ ਵਧ ਗਿਆ ਹੈ।  ਤਾਜ਼ਾ ਰਿਪੋਰਟਾਂ ਮੁਤਾਬਕ ਮੁੱਖ ਉਤਪਾਦਕ ਪੰਜਾਬ ਤੇ ਹਰਿਆਣਾ ਵਿੱਚ ਕਣਕ ਦਾ ਝਾੜ ਤਕਰੀਬਨ 50 ਫ਼ੀਸਦੀ ਤੱਕ ਘਟ ਹੋਣ ਦਾ ਅਨੁਮਾਨ ਹੈ। ਇਹ ਅੰਕੜਾ 1 ਮਈ ਤੱਕ ਦਾ ਹੈ। ਇਸ ਤੋਂ ਸਪਸ਼ਟ ਹੈ ਕਿ ਅਗਲੇ ਸਮੇਂ ਅੰਦਰ ਭਾਰਤ ਵਿੱਚ ਵੀ ਖੁਰਾਕ ਦੀ ਸਮੱਸਿਆ ਆ ਸਕਦੀ ਹੈ।

ਹਾਸਲ ਜਾਣਕਾਰੀ ਮੁਤਾਬਕ ਹਾੜੀ ਸੀਜ਼ਨ ਵਿੱਚ ਵੱਡੇ ਪੱਧਰ ’ਤੇ ਬਰਾਮਦ ਤੇ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਘੱਟ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ 1 ਮਈ ਤੱਕ ਕਣਕ ਦੀ ਖ਼ਰੀਦ 44 ਫ਼ੀਸਦੀ ਤੱਕ ਘਟ ਕੇ 162 ਲੱਖ ਟਨ ਰਹਿ ਗਈ ਹੈ। ਮੌਜੂਦਾ ਹਾੜੀ ਸੀਜ਼ਨ ’ਚ 1 ਮਈ ਤੱਕ ਸਰਕਾਰੀ ਏਜੰਸੀਆਂ ਵੱਲੋਂ ਹੁਣ ਤੱਕ ਲਗਪਗ 162 ਲੱਖ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਜਦਕਿ ਪਿਛਲੇ ਵਰ੍ਹੇ ਇਹ 288 ਲੱਖ ਟਨ ਸੀ।

ਸਰਕਾਰੀ ਅੰਕੜਿਆਂ ਮੁਤਾਬਕ ਲਗਪਗ 14.70 ਲੱਖ ਕਿਸਾਨਾਂ ਨੂੰ ਐਮਐਸਪੀ ’ਤੇ ਖ਼ਰੀਦ ਹੋਣ ਕਾਰਨ 32,633.71 ਕਰੋੜ ਰੁਪਏ ਦਾ ਲਾਭ ਪੁੱਜਾ ਹੈ। ਹੁਣ ਤੱਕ ਲਗਪਗ 9.63 ਲੱਖ ਟਨ ਕਣਕ ਪ੍ਰਾਈਵੇਟ ਖਰੀਦਦਾਰਾਂ ਵੱਲੋਂ 21 ਅਪਰੈਲ ਤੱਕ ਬਾਹਰ ਭੇਜੀ ਜਾ ਚੁੱਕੀ ਹੈ।

ਦੁਨੀਆਂ ਅੰਦਰ ਅੰਨ੍ਹ ਦਾ ਸੰਕਟ
ਰੂਸ ਤੇ ਯੂਕਰੇਨ ਵਿਚਾਲੇ ਜੰਗ ਕਾਰਨ ਦੁਨੀਆਂ ਭਰ ਦੇ ਸਾਰੇ ਦੇਸ਼ ਵੱਖ-ਵੱਖ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਕਈ ਦੇਸ਼ ਅਨਾਜ ਸੰਕਟ ਦਾ ਵੀ ਸਾਹਮਣਾ ਕਰ ਰਹੇ ਹਨ, ਜਦਕਿ ਰੂਸ-ਯੂਕਰੇਨ ਵਿਚਾਲੇ ਜੰਗ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ। ਜੇਕਰ ਜੰਗ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਸ਼ਰਨਾਰਥੀਆਂ ਦੀਆਂ ਜਾਨਾਂ, ਮੌਤਾਂ ਤੇ ਜ਼ਖਮੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਪੂਰੀ ਦੁਨੀਆਂ ਨੂੰ ਭਿਆਨਕ ਅਕਾਲ ਦੇ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੁਨੀਆ ਇੱਕ ਵਾਰ ਫਿਰ ਰੋਟੀ ਨੂੰ ਤਰਸੇਗੀ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜੰਗ ਦੁਨੀਆਂ ਨੂੰ ਭੋਜਨ ਸੰਕਟ ਵੱਲ ਧੱਕ ਸਕਦੀ ਹੈ। ਦਰਅਸਲ, ਮਾਹਿਰਾਂ ਵੱਲੋਂ ਅਜਿਹਾ ਦਾਅਵਾ ਕਰਨ ਪਿੱਛੇ ਇੱਕ ਵੱਡਾ ਕਾਰਨ ਹੈ। ਇਹ ਲੜਾਈ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਹੈ। ਇਸ ਯੁੱਧ ਤੋਂ ਪਹਿਲਾਂ ਇਹ ਦੋਵੇਂ ਦੇਸ਼ ਦੁਨੀਆਂ 'ਚ ਸਭ ਤੋਂ ਵੱਧ ਅਨਾਜ ਵੇਚਦੇ ਸਨ। ਉਹ ਬਨਸਪਤੀ ਤੇਲ ਤੇ ਵੱਖ-ਵੱਖ ਅਨਾਜ ਦੇ ਪ੍ਰਮੁੱਖ ਨਿਰਯਾਤਕ ਸਨ। ਇੰਨਾ ਹੀ ਨਹੀਂ, ਰੂਸ ਪੈਟਰੋਲ ਤੇ ਗੈਸ ਵਰਗੇ ਈਂਧਨ ਦਾ ਸਭ ਤੋਂ ਵੱਡਾ ਨਿਰਯਾਤਕ ਵੀ ਹੈ। ਇਸ ਲਈ ਦੁਨੀਆਂ ਭਰ 'ਚ ਇਸ ਦੀ ਕੀਮਤ ਵੀ ਵਧ ਰਹੀ ਹੈ।