Pollution In Delhi: ਦਿੱਲੀ ਵਿਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ਰਹੀ। ਸ਼ਹਿਰ ‘ਚ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 295 ਦਰਜ ਕੀਤਾ ਗਿਆ, ਜੋ ‘ਖ਼ਰਾਬ’ ਸ਼੍ਰੇਣੀ ‘ਚ ਆਉਂਦਾ ਹੈ। ਪਹਿਲਾ ਕਿਹਾ ਜਾ ਰਿਹਾ ਸੀ ਕਿ ਪੰਜਾਬ ਤੇ ਹੋਰ ਰਾਜਾਂ ’ਚ ਪਰਾਲੀ ਸਾੜਨ ਕਾਰਨ ਰਾਜਧਾਨੀ ਹਵਾ ਖਰਾਬ ਹੋ ਰਹੀ ਹੈ ਪਰ ਬੀਤੇ ਕਈ ਦਿਨਾਂ ਤੋਂ ਪਰਾਲੀ ਸਾੜਨ ਦਾ ਰੁਝਾਨ ਲਗਪਗ ਬੰਦ ਹੈ ਤੇ ਇਸ ਦੇ ਬਾਵਜੂਦ ਦਿੱਲੀ ਦੀ ਹਵਾ ਖਰਾਬ ਸ਼੍ਰੇਣੀ ਵਿੱਚ ਆ ਰਹੀ ਹੈ।


ਦੱਸ ਦਈਏ ਕਿ ਝੋਨੇ ਦੀ ਵਾਢੀ ਤੋਂ ਬਾਅਦ ਦਿੱਲੀ ਵਿੱਚ ਫੈਲੇ ਪ੍ਰਦੂਸ਼ਣ ਲਈ ਪੰਜਾਬ ਨੂੰ ਹੀ ਜ਼ਿੰਮਵਾਰਾ ਠਹਿਰਾਇਆ ਜਾਂਦਾ ਰਿਹਾ ਹੈ। ਇਸ ਵਿੱਚ ਸ਼ੱਕ ਨਹੀਂ ਕਿ ਉਸ ਵੇਲੇ ਪੰਜਾਬ ਵਿੱਚ ਪਰਾਲੀ ਸਾੜੀ ਗਈ ਹੈ ਪਰ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਸੀ ਪਰ ਫਿਰ ਵੀ ਹਰਿਆਣਾ, ਰਾਜਸਥਾਨ ਤੇ ਉੱਤਰਪ੍ਰਦੇਸ਼ ਨੂੰ ਛੱਡ ਕੇ ਬੱਸ ਇਸ ਲਈ ਪੰਜਾਬ ਨੂੰ ਹੀ ਦੋਸ਼ੀ ਮੰਨਿਆ ਗਿਆ। ਜੇ ਤਾਜ਼ਾ ਹਲਾਤਾਂ ਉੱਤੇ ਨਜ਼ਰ ਮਾਰੀਏ ਤਾਂ ਹੁਣ ਪੰਜਾਬ ਵਿੱਚ ਕਣਕਾਂ ਨੂੰ ਪਹਿਲਾ ਪਾਣੀ ਵੀ ਲੱਗ ਗਿਆ ਹੈ ਤੇ ਦਿੱਲੀ ਦਾ ਪ੍ਰਦੂਸ਼ਣ ਜਿਓਂ ਦੀ ਤਿਓਂ ਖੜ੍ਹਾ ਹੈ। ਕੀ ਹੁਣ ਵੀ ਪੰਜਾਬ ਵਾਲੇ ਹੀ ਦਿੱਲੀ ਵਿੱਚ ਪ੍ਰਦੂਸ਼ਣ ਭੇਜਦੇ ਹਨ।


ਹਵਾ ਪ੍ਰਦੂਸ਼ਣ ਨਾਲ ਹਰ ਸਾਲ 21 ਲੱਖ 8 ਹਜ਼ਾਰ ਲੋਕਾਂ ਦੀ ਹੁੰਦੀ ਹੈ ਮੌਤ


ਜ਼ਿਕਰ ਕਰ ਦਈਏ ਕਿ ਹਵਾ ਦੇ ਪ੍ਰਦੂਸ਼ਣ ਨਾਲ ਹਰ ਸਾਲ 21 ਲੱਖ 8 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ।  ਦਿੱਲੀ ਦੇ ਲੋਕਾਂ ਨੂੰ 1 ਦਿਨ, ਮੁੰਬਈ ਦੇ ਲੋਕਾਂ ਨੂੰ 5 ਦਿਨ ਤੇ ਚੇਨਈ ਦੇ ਲੋਕਾਂ ਨੂੰ ਸਾਲ ਵਿੱਚੋਂ 15 ਦਿਨ ਹੀ ਸ਼ੁੱਧ ਹਵਾ ਮਿਲੀ ਹੈ। ਜੇ ਵਿਸ਼ਵ ਪੱਧਰ ਉੱਤੇ ਗੱਲ ਕੀਤੀ ਜਾਵੇ ਤਾਂ ਵਿਸ਼ਵ ਦੀ 36.8 ਬਿਲੀਅਨ ਡਾਲਰ ਦਾ ਨੁਕਸਾਨ ਪ੍ਰਦੂਸ਼ਣ ਨਾਲ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਵੀ ਹਵਾ ਪ੍ਰਦੂਸ਼ਣ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਇਲਜ਼ਾਮ ਪੰਜਾਬ ਦੇ ਕਿਸਾਨਾਂ ਦੇ ਸਿਰ ਮੜ੍ਹਿਆ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਹਨ ਜਦੋਂ ਕਿ ਪੰਜਾਬ ਵਿੱਚ ਪ੍ਰਦੂਸ਼ਣ ਵਿੱਚ ਪੱਧਰ ਘੱਟ ਹੁੰਦਾ ਹੈ ਤੇ ਦਿੱਲੀ ਵਿੱਚ ਹਾਲਤ ਬਹੁਤ ਮਾੜੀ ਹੁੰਦੀ ਹੈ।