ਨਵੀਂ ਦਿੱਲੀ: ਕੱਲ੍ਹ ਸਨਿੱਚਰਵਾਰ ਨੂੰ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਪਹਿਲਾਂ ਵਰਗੀ ਤੇਜ਼ੀ ਆ ਗਈ। ਇੱਕ ਦਿਨ ’ਚ ਕੋਰੋਨਾ ਦੇ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜੇ ਇਹੋ ਰਫ਼ਤਾਰ ਜਾਰੀ ਰਹੀ, ਤਾਂ ਦੇਸ਼ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ ਪਹਿਲਾਂ ਦੇ ਰਿਕਾਰਡ ਨੂੰ ਵੀ ਪਾਰ ਕਰ ਸਕਦੀ ਹੈ।
ਇਸ ਨਾਜ਼ੁਕ ਹਾਲਤ ਵਿੱਚ ਲੋਕਾਂ ਦੇ ਮਨ ’ਚ ਉਹੀ ਖ਼ਦਸ਼ਾ ਵਧਦਾ ਜਾ ਰਿਹਾ ਹੈ, ਜੋ ਪਿਛਲੇ ਵਰ੍ਹੇ ਸੀ। ਪਿਛਲੇ ਵਰ੍ਹੇ ਮਾਰਚ ਮਹੀਨੇ ਤੋਂ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਸੀ। ਹੁਣ ਜਦੋਂ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਨਿੱਤ ਵਧਦੀ ਜਾ ਰਹੀ ਹੈ, ਅਜਿਹੇ ਵੇਲੇ ਲੋਕਾਂ ਦੇ ਲੌਕਡਾਊਨ ਲੱਗਣ ਪ੍ਰਤੀ ਖ਼ਦਸ਼ੇ ਵਧਣੇ ਸੁਭਾਵਕ ਹਨ।
ਭਾਵੇਂ ਸਰਕਾਰ ਨੇ ਹਾਲੇ ਤੱਕ ਇਸ ਮਾਮਲੇ ’ਚ ਕਿਸੇ ਤਰ੍ਹਾਂ ਦਾ ਕੋਈ ਸਪੱਸ਼ਟ ਐਲਾਨ ਨਹੀਂ ਕੀਤਾ ਪਰ ਨਵੀਂ ਦਿੱਲੀ ’ਚ ‘ਆੱਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼’ (ਏਮਸ- AIIMS) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਇਸ ਪੂਰੇ ਮਾਮਲੇ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਨੂੰ ‘ਮਿੰਨੀ ਲੌਕਡਾਊਨ’ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇ ਕੋਰੋਨਾ ਵਾਇਰਸ ਦੀ ਵਧਦੀ ਰਫ਼ਤਾਰ ਉੱਤੇ ਲਗਾਮ ਕੱਸਣੀ ਹੈ, ਤਾਂ ਸਾਨੂੰ ਮਿੰਨੀ ਲੌਕਡਾਊਨ ਲਾਉਣਾ ਪਵੇਗਾ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਦੀ ਹਾਲਤ ਦਿਨੋ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਲੋਕ ਕੋਰੋਨਾ ਪ੍ਰਤੀ ਲਾਪਰਵਾਹੀ ਵਿਖਾ ਰਹੇ ਹਨ। ਇਸ ਲਈ ‘ਮਿੰਨੀ ਲੌਕਡਾਊਨ’ ਲੱਗਣਾ ਇੱਕ ਵਿਕਲਪ ਹੈ। ਉਨ੍ਹਾਂ ਕਿਹਾ ਕਿ ਲੋਕ ਸਮਾਜਕ-ਦੂਰੀ ਦਾ ਬਿਲਕੁਲ ਵੀ ਖ਼ਿਆਲ ਨਹੀਂ ਰੱਖ ਰਹੇ। ਉਨ੍ਹਾਂ ਕਿਹਾ ਕਿ ਇਸ ਵਾਰ ਤਾਂ ਬੱਚੇ ਵੀ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ।
ਡਾ. ਗੁਲੇਰੀਆ ਨੇ ਕਿਹਾ ਕਿ ਕੋਰੋਨਾ ਦੀ ਰਫ਼ਤਾਰ ਰੋਕਣ ਲਈ ਦੇਸ਼ ਵਿੱਚ ਟੀਕਾਕਰਣ ਦੀ ਮੁਹਿੰਮ ਤੇਜ਼ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਦੋ ਅਰਬ ਵੈਕਸੀਨ ਦੀ ਡੋਜ਼ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਲੈਣ ਤੋਂ ਬਾਅਦ ਵੀ ਮਸਾਜਕ ਦੂਰੀ ਰੱਖਣੀ ਹੋਵੇਗੀ ਤੇ ਮਾਸਕ ਵੀ ਲਾਉਣਾ ਹੋਵੇਗਾ ਤੇ ਹੱਥ ਵੀ ਧੋਂਦੇ ਰਹਿਣਾ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :