Narendra Tomar on Farm Laws: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਮੁੜ ਖੇਤੀ ਕਾਨੂੰਨ ਲਿਆਉਣ ਵਾਲੇ ਬਿਆਨ 'ਤੇ ਸਿਆਸੀ ਭੂਚਾਲ ਆ ਗਿਆ। ਨਾਗਪੁਰ 'ਚ ਇੱਕ ਪ੍ਰੋਗਰਾਮ ਦੌਰਾਨ ਤੋਮਰ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਕਿਹਾ ਕਿ ਉਹ ਇੱਕ ਕਦਮ ਪਿੱਛੇ ਹਟ ਗਏ ਹਨ, ਫਿਰ ਅੱਗੇ ਵਧਣਗੇ। ਤੋਮਰ ਦੇ ਇਸ ਬਿਆਨ 'ਤੇ ਸਿਆਸੀ ਭੂਚਾਲ ਆਉਣ ਮਗਰੋਂ ਖੇਤੀਬਾੜੀ ਮੰਤਰੀ ਨੇ ਸਪੱਸ਼ਟੀਕਰਨ ਦਿੱਤਾ ਹੈ। ਸਮਝੋ ਕੀ ਹੈ ਸਾਰਾ ਮਾਮਲਾ?



ਸਿਆਸੀ ਬਵਾਲ ਸ਼ੁਰੂ ਹੋਣ ਮਗਰੋਂ ਤੋਮਰ ਨੇ ਯੂ-ਟਰਨ ਲੈ ਲਿਆ। ਤੋਮਰ ਤੋਂ ਜਦੋਂ ਇਸ ਬਿਆਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸਪਸ਼ਟੀਕਰਨ ਦਿੱਤਾ। ਖੇਤੀਬਾੜੀ ਮੰਤਰੀ ਨੇ ਕਿਹਾ, "ਮੈਂ ਕਿਹਾ ਸੀ ਕਿ ਚੰਗੇ ਕਾਨੂੰਨ ਲਿਆਂਦੇ ਗਏ ਸਨ, ਪਰ ਕੁਝ ਕਾਰਨਾਂ ਕਰਕੇ ਰੱਦ ਕਰਨੇ ਪਏ। ਭਾਰਤ ਸਰਕਾਰ ਕਿਸਾਨਾਂ ਦੇ ਭਲੇ ਲਈ ਕੰਮ ਕਰੇਗੀ। ਮੈਂ ਇਹ ਨਹੀਂ ਕਿਹਾ ਕਿ ਅਸੀਂ ਦੁਬਾਰਾ ਕਾਨੂੰਨ ਲਿਆਵਾਂਗੇ।"

ਕੀ ਕਿਹਾ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ?
ਸ਼ੁੱਕਰਵਾਰ ਨੂੰ ਨਾਗਪੁਰ 'ਚ ਇੱਕ ਪ੍ਰੋਗਰਾਮ 'ਚ ਤੋਮਰ ਨੇ ਕਿਹਾ, "ਅਸੀਂ ਕੁਝ ਸੁਧਾਰ ਬਿੱਲ ਲਿਆਂਦੇ ਸਨ ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ। ਇਹ ਆਜ਼ਾਦੀ ਦੇ 70 ਸਾਲਾਂ ਬਾਅਦ ਇੱਕ ਵੱਡਾ ਸੁਧਾਰ ਸੀ, ਜੋ ਨਰਿੰਦਰ ਮੋਦੀ ਦੀ ਅਗਵਾਈ 'ਚ ਅੱਗੇ ਵੱਧ ਰਿਹਾ ਸੀ ਪਰ ਸਰਕਾਰ ਨਿਰਾਸ਼ ਨਹੀਂ। ਅਸੀਂ ਇੱਕ ਕਦਮ ਪਿੱਛੇ ਹਟ ਗਏ ਹਾਂ ਪਰ ਅੱਗੇ ਵਧਾਂਗੇ, ਕਿਉਂਕਿ ਕਿਸਾਨ ਭਾਰਤ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਰੀੜ ਦੀ ਹੱਡੀ ਮਜ਼ਬੂਤ ਹੋਵੇਗੀ ਤਾਂ ਯਕੀਨਨ ਦੇਸ਼ ਮਜ਼ਬੂਤ ਹੋਵੇਗਾ।"





ਕਾਂਗਰਸ ਨੇ ਕਾਨੂੰਨਾਂ ਨੂੰ ਵਾਪਸ ਲਿਆਉਣ ਦਾ ਲਾਇਆ ਦੋਸ਼
ਤੋਮਰ ਦੇ ਬਿਆਨ ਦੇ ਆਧਾਰ 'ਤੇ ਕਾਂਗਰਸ ਨੇ ਸਰਕਾਰ 'ਤੇ 'ਪੂੰਜੀਪਤੀਆਂ ਦੇ ਦਬਾਅ' 'ਚ ਦੁਬਾਰਾ 'ਕਾਲੇ ਕਾਨੂੰਨਾਂ' ਨੂੰ ਲਿਆਉਣ ਦੀ 'ਸਾਜ਼ਿਸ਼' ਰਚਣ ਦਾ ਦੋਸ਼ ਲਗਾਇਆ ਤੇ ਇਸ ਸਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤੋਮਰ ਦੇ ਬਿਆਨ ਨੂੰ ਪ੍ਰਧਾਨ ਮੰਤਰੀ ਮੋਦੀ ਦੀ 'ਮਾਫ਼ੀ ਦਾ ਅਪਮਾਨ' ਕਰਾਰ ਦਿੱਤਾ ਤੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਵਿਵਾਦਤ ਕਾਨੂੰਨਾਂ 'ਤੇ ਦੁਬਾਰਾ ਕਦਮ ਚੁੱਕੇ ਤਾਂ ਦੇਸ਼ ਦਾ ਕਿਸਾਨ ਦੁਬਾਰਾ ਸੱਤਿਆਗ੍ਰਹਿ ਕਰੇਗਾ। ਪਹਿਲਾਂ ਵੀ ਹੰਕਾਰ ਨੂੰ ਹਰਾਇਆ ਸੀ, ਦੁਬਾਰਾ ਹਰਾਵਾਂਗੇ।

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਤੋਮਰ ਦੇ ਬਿਆਨ ਨੇ ਤਿੰਨ 'ਕਿਸਾਨ ਵਿਰੋਧੀ' ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ 'ਠੋਸ ਸਾਜ਼ਿਸ਼' ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਦੇ ਬਿਆਨ ਨਾਲ ਮੋਦੀ ਸਰਕਾਰ ਦੀ ਕਿਸਾਨ ਵਿਰੋਧੀ ਸਾਜ਼ਿਸ਼ ਤੇ ਚਿਹਰਾ ਇਕ ਵਾਰ ਫਿਰ ਨੰਗਾ ਹੋ ਗਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਪੰਜ ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਮੋਦੀ ਸਰਕਾਰ ਇਕ ਵਾਰ ਫਿਰ ਤਿੰਨ ਕਾਲੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਨਵੇਂ ਰੂਪ 'ਚ ਲਿਆਉਣ ਦੀ ਸਾਜ਼ਿਸ਼ ਰੱਚ ਰਹੀ ਹੈ ਤੇ ਇਹ ਪੂੰਜੀਪਤੀ ਦੋਸਤਾਂ ਦੇ ਦਬਾਅ ਹੇਠ ਅਜਿਹਾ ਕਰ ਰਹੀ ਹੈ।

ਪੀਐਮ ਮੋਦੀ ਨੇ ਕਾਨੂੰਨ ਵਾਪਸ ਕਰਨ ਦਾ ਕੀਤਾ ਸੀ ਐਲਾਨ
ਮਹੱਤਵਪੂਰਨ ਗੱਲ ਇਹ ਹੈ ਕਿ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਵਿਵਾਦਤ ਖੇਤੀਬਾੜੀ ਕਾਨੂੰਨਾਂ 'ਤੇ ਸਰਕਾਰ ਨੇ ਆਪਣੇ ਕਦਮ ਪਿੱਛੇ ਕਰ ਲਏ ਤੇ ਦੇਸ਼ ਤੋਂ 'ਮਾਫੀ' ਦੀ ਮੰਗ ਕਰਦੇ ਹੋਏ ਉਨ੍ਹਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਹੀ ਬਿੱਲ ਲਿਆ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਸ਼ਰਤਾਂ ਸਮੇਤ ਵਾਪਸ ਲੈ ਲਿਆ ਸੀ।



ਇਹ ਵੀ ਪੜ੍ਹੋ : Omicron Variant: ਕਮਜ਼ੋਰ ਇਮਿਊਨਿਟੀ ਵਾਲੇ ਸਾਵਧਾਨ! ਓਮੀਕ੍ਰੋਨ ਦੇ ਟਾਕਰੇ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ



 



 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin



 


https://apps.apple.com/in/app/abp-live-news/id811114904