Haryana News : ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਸਮਰਥਨ 'ਚ ਦਿੱਲੀ ਜਾ ਰਹੀ ਪਹਿਲਵਾਨ ਗੀਤਾ ਫੋਗਾਟ ਨੂੰ ਪੁਲਿਸ ਵੱਲੋਂ ਰੋਕਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਖੁਦ ਗੀਤਾ ਫੋਗਾਟ ਨੇ ਟਵੀਟ ਕਰਕੇ ਦਿੱਤੀ ਹੈ। ਜਿਸ 'ਚ ਗੀਤਾ ਫੋਗਾਟ ਨੇ ਦਾਅਵਾ ਕੀਤਾ ਹੈ ਕਿ ਉਹ ਦਿੱਲੀ ਆ ਰਹੀ ਸੀ, ਇਸ ਦੌਰਾਨ ਦਿੱਲੀ ਪੁਲਿਸ ਨੇ ਕਰਨਾਲ ਬਾਈਪਾਸ 'ਤੇ ਉਸ ਦੀ ਗੱਡੀ ਨੂੰ ਰੋਕ ਲਿਆ। ਉਸ ਨੇ ਟਵਿੱਟਰ 'ਤੇ ਲਿਖਿਆ, 'ਮੈਨੂੰ ਪੁਲਿਸ ਸਟੇਸ਼ਨ ਜਾਣ ਲਈ ਕਿਹਾ ਜਾ ਰਿਹਾ ਹੈ। ਹੱਦ ਹੋ ਗਈ। ਜਿਸ ਨੂੰ ਥਾਣੇ ਲਿਜਾਣਾ ਚਾਹੀਦਾ ਹੈ, ਉਸ ਦੇ ਇੰਟਰਵਿਊ ਲਏ ਜਾ ਰਹੇ ਹਨ।


ਦਿੱਲੀ



ਪੁਲਿਸ ਤੋਂ ਪੁੱਛਿਆ ਸਵਾਲ


ਦਿੱਲੀ ਪੁਲਿਸ ਨੇ ਅੱਜ ਸਵੇਰੇ ਇੱਕ ਟਵੀਟ ਵਿੱਚ ਕਿਹਾ ਸੀ, 'ਦਿੱਲੀ ਪੁਲਿਸ ਕਾਨੂੰਨੀ ਪ੍ਰਦਰਸ਼ਨ ਦੇ ਅਧਿਕਾਰ ਦਾ ਸਨਮਾਨ ਕਰਦੀ ਹੈ। ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਕਾਨੂੰਨੀ ਤਰੀਕੇ ਨਾਲ ਮਿਲਣ ਤੋਂ ਕਿਸੇ ਨੂੰ ਵੀ ਨਹੀਂ ਰੋਕਿਆ ਗਿਆ। ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਗੀਤਾ ਫੋਗਾਟ ਨੇ ਲਿਖਿਆ, 'ਅਜੇ ਵੀ ਮੇਰੀ ਕਾਰ ਨੂੰ ਕਰਨਾਲ ਬਾਈਪਾਸ 'ਤੇ ਤੁਹਾਡੀ ਪੁਲਿਸ ਨੇ ਰੋਕਿਆ ਹੋਇਆ ਹੈ। ਸ਼ਰਮ ਆਉਂਦੀ ਹੈ ਅਜਿਹੀ ਪੁਲਿਸ 'ਤੇ।

ਦਿੱਲੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ


ਤੁਹਾਨੂੰ ਦੱਸ ਦੇਈਏ ਕਿ ਕੁਝ ਘੰਟੇ ਪਹਿਲਾਂ ਹੀ ਦਿੱਲੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ। ਦਿੱਲੀ ਪੁਲਿਸ ਦੇ ਸਾਰੇ ਕਰਮਚਾਰੀਆਂ ਨੂੰ ਅਲਰਟ 'ਤੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਸ਼ੇਸ਼ ਤੌਰ 'ਤੇ ਸਰਹੱਦੀ ਇਲਾਕਿਆਂ 'ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦਿੱਲੀ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਪਹਿਲਵਾਨਾਂ ਦੀ ਅਪੀਲ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ 'ਚ ਲੋਕ ਜੰਤਰ-ਮੰਤਰ 'ਤੇ ਇਕੱਠੇ ਹੋਣ ਜਾ ਰਹੇ ਹਨ। ਇਸ ਤੋਂ ਬਾਅਦ ਹੀ ਪੁਲਸ ਚੌਕਸ ਹੈ ਅਤੇ ਵੱਖ-ਵੱਖ ਥਾਵਾਂ 'ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ।

23 ਅਪ੍ਰੈਲ ਤੋਂ ਧਰਨਾ ਜਾਰੀ


ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੇ ਪਹਿਲਵਾਨਾਂ ਦਾ ਧਰਨਾ 23 ਅਪ੍ਰੈਲ ਤੋਂ ਚੱਲ ਰਿਹਾ ਹੈ। ਪਹਿਲਵਾਨਾਂ ਦਾ ਦੋਸ਼ ਹੈ ਕਿ ਖੇਡ ਮੰਤਰਾਲੇ ਨੇ ਕਮੇਟੀ ਬਣਾ ਕੇ ਰਿਪੋਰਟ ਪੇਸ਼ ਕਰਨ ਦੀ ਗੱਲ ਕੀਤੀ ਸੀ ਪਰ ਰਿਪੋਰਟ ਦੇਰੀ ਨਾਲ ਆਉਣ ਕਾਰਨ ਉਨ੍ਹਾਂ ਨੂੰ ਮੁੜ ਧਰਨੇ ’ਤੇ ਬੈਠਣਾ ਪਿਆ। ਇਸ ਦੇ ਨਾਲ ਹੀ ਮੁੱਖ ਮੁਲਜ਼ਮ ਬ੍ਰਿਜ ਭੂਸ਼ਣ ਸ਼ਰਨ ਦੀ ਹੁਣ ਤੱਕ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਹਿਲਵਾਨਾਂ ਵਿੱਚ ਭਾਰੀ ਰੋਸ ਹੈ।

ਬੀਤੀ ਰਾਤ ਹੋਇਆ ਸੀ ਬਵਾਲ 

 

ਵੀਰਵਾਰ ਰਾਤ ਨੂੰ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਦਿੱਲੀ ਪੁਲਿਸ ਦੇ ਜਵਾਨਾਂ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ ਸੀ। ਦਿੱਲੀ ਪੁਲਿਸ ਦੇ ਡੀਐਸਪੀ ਦਾ ਕਹਿਣਾ ਹੈ ਕਿ ਪਹਿਲਵਾਨਾਂ ਲਈ ਧਰਨੇ ਵਾਲੀ ਥਾਂ 'ਤੇ ਫੋਲਡਿੰਗ ਬੈੱਡ ਲਿਆਂਦੇ ਜਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਇਜਾਜ਼ਤ ਨਾ ਹੋਣ ਦੀ ਵਜ੍ਹਾ ਕਰਕੇ ਰੋਕਿਆ ਗਿਆ , ਜਿਸ ਕਾਰਨ ਵਿਵਾਦ ਹੋ ਗਿਆ। ਉਕਤ ਪਹਿਲਵਾਨਾਂ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਕੁੱਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ |