ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਸਰਕਾਰ ਆਮਦਨ ਕਰ ਦੀਆਂ ਦਰਾਂ ਘਟਾ ਸਕਦੀ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ 5 ਲੱਖ ਰੁਪਏ ਤੋਂ 10 ਲੱਖ ਤੱਕ ਦੀ ਤਨਖ਼ਾਹ 'ਤੇ ਟੈਕਸ ਨੂੰ 20 ਫੀਸਦੀ ਤੋਂ ਘਟਾ ਕੇ 10 ਫੀਸਦੀ ਕੀਤਾ ਜਾ ਸਕਦਾ ਹੈ। 10 ਲੱਖ ਰੁਪਏ ਤੋਂ ਵੱਧ ਆਮਦਨੀ 'ਤੇ ਟੈਕਸ ਦਰ 30 ਫੀਸਦੀ ਤੋਂ ਘਟਾ ਕੇ 25 ਫੀਸਦੀ ਹੋ ਸਕਦੀ ਹੈ। ਸੈੱਸ ਤੇ ਸਰਚਾਰਜ ਨੂੰ ਹਟਾਉਣ ਦੇ ਵਿਕਲਪ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟੈਕਸ ਵਿੱਚ ਛੋਟ ਦੇ ਕੁਝ ਵਿਕਲਪਾਂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।


ਇਸ ਹਿਸਾਬ ਨਾਲ 10 ਲੱਖ ਆਮਦਨ ਵਾਲਿਆਂ ਨੂੰ 45 ਹਜ਼ਾਰ ਰੁਪਏ ਦਾ ਫਇਦਾ ਹੋਏਗਾ। 5 ਲੱਖ ਰੁਪਏ ਤਕ ਦੀ ਆਮਦਨ ਫਰੀ ਹੈ। ਸਟੈਂਟਰਡ ਡਿਡਕਸ਼ਨ 50 ਹਜ਼ਾਰ ਰੁਪਏ ਹੈ। ਬਾਕੀ 4.5 ਲੱਖ 'ਤੇ ਵੀ 20 ਫੀਸਦੀ ਟੈਕਸ ,ਯਾਨੀ 90 ਹਜ਼ਾਰ ਰੁਪਏ ਤੇ ਜੇ ਟੈਕਸ ਅੱਧਾ ਘਟਾ ਦਿੱਤਾ ਤਾਂ 45 ਹਜ਼ਾਰ ਰੁਪਏ ਦੀ ਬਚਤ ਹੋਏਗੀ।


ਅੰਗਰੇਜ਼ੀ ਅਖਬਾਰ ‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਸਰਕਾਰ ਫੈਸਲਾ ਲੈਂਦੇ ਸਮੇਂ ਡਾਇਰੈਕਟ ਟੈਕਸ ਕੋਡ ਉੱਤੇ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦਾ ਧਿਆਨ ਰੱਖੇਗੀ। ਟਾਸਕ ਫੋਰਸ ਨੇ ਹਾਲ ਹੀ ਵਿੱਚ ਸਰਕਾਰ ਨੂੰ ਰਿਪੋਰਟ ਸੌਂਪੀ ਸੀ।


ਇੱਕ ਹੋਰ ਰਿਪੋਰਟ ਮੁਤਾਬਕ ਟਾਸਕ ਫੋਰਸ ਨੇ 5 ਲੱਖ ਰੁਪਏ ਤੋਂ 10 ਲੱਖ ਤਕ ਦੀ ਆਮਦਨ 'ਤੇ ਟੈਕਸ ਘਟਾ ਕੇ 20 ਤੋਂ 10 ਫੀਸਦੀ, 10 ਤੋਂ 20 ਲੱਖ ਤਕ ਦੀ ਆਮਦਨ 'ਤੇ ਟੈਕਸ 30 ਫੀਸਦੀ ਦੀ ਬਜਾਏ 20 ਫੀਸਦੀ ਤੇ 20 ਲੱਖ ਰੁਪਏ ਤੋਂ ਵੱਧ ਆਮਦਨੀ ਤੇ ਟੈਕਸ 30 ਫੀਸਦੀ ਰੱਖਣ ਦੀ ਸਿਫਾਰਿਸ਼ ਕੀਤੀ ਹੈ। ਦੋ ਕਰੋੜ ਰੁਪਏ ਤੋਂ ਵੱਧ ਆਮਦਨ ਵਾਲੇ ਲੋਕਾਂ ਲਈ 35 ਫੀਸਦੀ ਟੈਕਸ ਦੈ ਸੁਝਾਅ ਦਿੱਤਾ ਗਿਆ ਹੈ।


ਆਮਦਨ ਕਰ ਦੀਆਂ ਮੌਜੂਦਾ ਦਰਾਂ ਦੀ ਗੱਲ ਕੀਤੀ ਜਾਏ ਤਾਂ ਮੌਜੂਦਾ 2.5 ਲੱਖ ਰੁਪਏ ਤਕ ਕੋਈ ਟੈਕਸ ਨਹੀਂ ਲੱਗਦਾ। 2.5 ਲੱਖ ਤੋਂ 5 ਲੱਖ ਰੁਪਏ ਆਮਦਨ 'ਤੇ 5 ਫੀਸਦੀ, 5 ਤੋਂ 10 ਲੱਖ ਆਮਦਨ 'ਤੇ 20 ਫੀਸਦੀ ਤੇ 10 ਲੱਖ ਤੋਂ ਵੱਧ ਆਮਦਨ 'ਤੇ 30 ਫੀਸਦੀ ਟੈਕਸ ਲੱਗਦਾ ਹੈ। ਦੱਸ ਦੇਈਏ 5 ਲੱਖ ਰੁਪਏ ਤਕ ਤਨਖ਼ਾਹ 'ਤੇ ਟੈਕਸ ਵਿੱਚ ਰਿਬੇਟ ਜ਼ਰੀਏ ਪੂਰੀ ਛੋਟ ਦਿੱਤੀ ਗਈ ਹੈ।