ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਿੱਕਰੀ ਬਾਰਡਰ 'ਤੇ ਟਿੱਪਰ ਦੀ ਟੱਕਰ ਨਾਲ ਮਰੀਆਂ ਪੰਜਾਬ ਦੀਆਂ ਤਿੰਨ ਔਰਤਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਮੁਆਵਜ਼ੇ ਵਜੋਂ ਦੇਣ ਐਲਾਨ ਕੀਤਾ ਹੈ। ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਔਰਤਾਂ ਦੇ ਹਾਦਸੇ ਵਿੱਚ ਮਰਨ ਦੀ ਘਟਨਾ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਚੰਨੀ ਨੇ ਇਸ ਘਟਨਾ ਦੌਰਾਨ ਜ਼ਖ਼ਮੀ ਹੋਣ ਵਾਲਿਆਂ ਦਾ ਮੁਫ਼ਤ ਇਲਾਜ ਕਰਾਉਣ ਦਾ ਐਲਾਨ ਵੀ ਕੀਤਾ ਹੈ।



ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਵੱਲੋਂ ਇਸ ਘਟਨਾ ਨੂੰ ਉੱਤਰ ਪ੍ਰਦੇਸ਼ ਦੀ ਲਖੀਮਪੁਰ ਖੀਰੀ ਵਰਗੀ‌‌ ਵਰਦਾਤ ਕਰਾਰ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਇਹ ਕੋਈ ਸਾਜ਼ਿਸ਼ ਹੋ ਸਕਦੀ ਹੈ ਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਬਿਆਨ ਵਿੱਚ ਕਿਹਾ ਕਿ ਘਟਨਾ ਦੀ ਜਾਂਚ ਮੁਕੰਮਲ ਹੋਣ 'ਤੇ ਹੀ ਅਸਲੀਅਤ ਸਾਹਮਣੇ ਆਵੇਗੀ ਕਿ ਇਹ ਘਟਨਾ ਅਚਾਨਕ ਹੋਈ ਹੈ ਜਾਂ ਕੋਈ ਸਾਜ਼ਿਸ਼ ਸੀ।

ਉਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਜਥੇਬੰਦਕ ਆਗੂਆਂ ਨੂੰ ਅਪੀਲ ਹੈ ਕਿ ਪੰਜਾਬ ਅੰਦਰ ਚੱਲ ਰਹੇ ਸਾਰੇ ਮੋਰਚਿਆਂ ਵਿੱਚ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ ਤੇ ਮੰਗ ਕੀਤੀ ਜਾਵੇ ਕਿ ਸ਼ਹੀਦਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ, ਹਰ ਪਰਿਵਾਰ ਦਾ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।