ਚੰਡੀਗੜ੍ਹ: ਕਾਂਗਰਸ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਹ ਸ਼ਰਮਨਾਕ ਗੱਲ ਹੈ ਕਿ ਦਿੱਲੀ ਪੁਲਿਸ ਨੂੰ ਸਾਡੇ ਅਧਿਕਾਰ ਖੇਤਰ ਅੰਦਰ ਪੰਜਾਬੀਆਂ ਉੱਤੇ ਤਸ਼ੱਦਦ ਢਾਹੁਣ ਦੀ ਇਜਾਜ਼ਤ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਇਸ ਵਰ੍ਹੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ’ਚ ਲਾਲ ਕਿਲੇ ’ਤੇ ਵਾਪਰੀ ਹਿੰਸਾ ਦੇ ਮਾਮਲੇ ’ਚ ਮੁਲਜ਼ਮ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਉੱਤੇ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਕਥਿਤ ਖਿੱਚ-ਧੂਹ ਦੇ ਮਾਮਲੇ ਉੱਤੇ ਆਪਣੇ ਪ੍ਰਤੀਕਰਮ ਪ੍ਰਗਟਾ ਰਹੇ ਸਨ।
ਨਵਜੋਤ ਸਿੱਧੂ ਨੇ ਆਪਣੇ ਟਵੀਟ ’ਚ ਕਿਹਾ ਹੈ ਕਿ ਇਹ ਸ਼ਰਮਨਾਕ ਗੱਲ ਹੈ ਕਿ ਦਿੱਲੀ ਪੁਲਿਸ ਨੂੰ ਸਾਡੇ ਅਧਿਕਾਰ ਖੇਤਰ ਵਿੱਚ ਆ ਕੇ ਪੰਜਾਬੀਆਂ ’ਤੇ ਤਸ਼ੱਦਦ ਢਾਹੁਣ ਦੀ ਇਜਾਜ਼ਤ ਦਿੱਤੀ ਗਈ। ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਸੁਆਲ ਕੀਤਾ ਕਿ ਆਖ਼ਰ ਅਜਿਹਾ ਕਿਸ ਦੀ ਸ਼ਹਿ ’ਤੇ ਕੀਤਾ ਗਿਆ? ਮਮਤਾ ਬੈਨਰਜੀ ਤੋਂ ਕੁਝ ਸਬਕ ਸਿੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਸੀਬੀਆਈ ਦੇ ਅਧਿਕਾਰੀਆਂ ਨੂੰ ਜੇਲ੍ਹੀਂ ਡੱਕ ਦਿੱਤਾ ਸੀ, ਜਦੋਂ ਉਨ੍ਹਾਂ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ਅੰਦਰ ਘੁਸਪੈਠ ਕੀਤੀ ਸੀ।
ਗਣਤੰਤਰ ਦਿਵਸ ਮੌਕੇ ਵਾਪਰੀ ਹਿੰਸਾ ਲਈ ਕਥਿਤ ਤੌਰ ਉੱਤੇ ਜ਼ਿੰਮੇਵਾਰ ਲੱਖਾ ਸਿਧਾਣਾ ਹਾਲੇ ਫ਼ਰਾਰ ਹੈ। ਉਸ ਨੇ ਸਨਿੱਚਰਵਾਰ ਨੂੰ ਦੋਸ਼ ਲਾਇਆ ਸੀ ਕਿ ਦਿੱਲੀ ਪੁਲਿਸ ਨੇ ਉਸ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪਟਿਆਲਾ ਤੋਂ ‘ਅਗ਼ਵਾ ਕਰ ਲਿਆ ਸੀ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।’
ਲੱਖਾ ਸਿਧਾਣਾ ਨੇ ਕਿਹਾ ਸੀ ਕਿ ਦਿੱਲੀ ਪੁਲਿਸ ਦੇ ਖ਼ੁਫ਼ੀਆ ਵਿੰਗ, ਜਿਸ ਨੇ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਸੀ, ਦੇ ਅਧਿਕਾਰੀ ਗੁਰਦੀਪ ਸਿੰਘ ਨੂੰ ਪਟਿਆਲਾ ਤੋਂ ਚੁੱਕ ਕੇ ਲੈ ਗਏ ਸਨ; ਜੋ ਉੱਥੇ ਲਾੱਅ ਦੀ ਪ੍ਰੀਖਿਆ ਦੇਣ ਲਈ ਪੁੱਜਾ ਹੋਇਆ ਸੀ। ਦਿੱਲੀ ਪੁਲਿਸ ਨੇ ਉਸ ਤੋਂ ਲੱਖਾ ਸਿਧਾਣਾ ਦੇ ਲੁਕਣ ਦਾ ਟਿਕਾਣਾ ਪੁੱਛਿਆ ਸੀ।
ਲੱਖਾ ਸਿਧਾਣਾ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਚਚੇਰੇ ਭਰਾ ਉੱਤੇ ਤਸ਼ੱਦਦ ਢਾਹੇ ਜਾਣ ਲਈ ਪੂਰੀ ਤਰ੍ਹਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਜ਼ਿੰਮੇਵਾਰ ਹੈ। ‘ਦਿੱਲੀ ਪੁਲਿਸ ਦੇ ਅਧਿਕਾਰੀ ਇੱਥੇ ਆ ਕੇ ਕਿਵੇਂ ਅਜਿਹਾ ਕੁਝ ਕਰ ਸਕਦੇ ਹਨ। ਉਨ੍ਹਾਂ ਨੂੰ ਪਹਿਲਾਂ ਸਬੰਧਤ ਪੁਲਿਸ ਥਾਣੇ ਨੂੰ ਆਪਣੀ ਕਾਰਵਾਈ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ।’
ਦੱਸ ਦੇਈਏ ਕਿ ਗੁਰਦੀਪ ਸਿੰਘ ਨੂੰ ਲੱਖਾ ਸਿਧਾਣਾ ਦੇ ਸਮਰਥਕ ਸਿਵਲ ਹਸਪਤਾਲ ਲੈ ਕੇ ਆਏ ਸਨ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਐਮਰਜੈਂਸੀ ਵਾਰਡ ਦੇ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਪਿੱਠ ਤੇ ਟੰਗਾਂ ਉੱਤੇ ਸੱਟਾਂ ਲੱਗੀਆਂ ਹੋਈਆਂ ਹਨ।