ਨਵੀਂ ਦਿੱਲੀ: ਦੇਸ਼ ਦੇ ਲਗਪਗ 150 ਜ਼ਿਲ੍ਹਿਆਂ 'ਚ ਕੋਵਿਡ-19 ਪੌਜ਼ੇਟਿਵਿਟੀ ਦਰ 15 ਫ਼ੀਸਦੀ ਤੋਂ ਵੱਧ ਹੈ ਤੇ ਕੋਰੋਨਾ ਮਹਾਂਮਾਰੀ ਇਨ੍ਹਾਂ ਜ਼ਿਲ੍ਹਿਆਂ ਦੀ ਸਿਹਤ ਪ੍ਰਣਾਲੀ ਉੱਤੇ ਦਬਾਅ ਵਧਾ ਰਹੀ ਹੈ। ਅਜਿਹੀ ਸਥਿਤੀ 'ਚ ਇਨ੍ਹਾਂ ਜ਼ਿਲ੍ਹਿਆਂ 'ਚ ਲੌਕਡਾਊਨ ਲਾਇਆ ਜਾ ਸਕਦਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਉੱਚ ਪੱਧਰੀ ਮੀਟਿੰਗ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਜਿਹੇ ਕਦਮਾਂ ਚੁੱਕਣ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਕੇਂਦਰ ਅੰਤਮ ਫ਼ੈਸਲਾ ਸੂਬਾ ਸਰਕਾਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੋਵੇਗਾ। ਮੰਤਰਾਲੇ ਨੇ ਕਿਹਾ ਹੈ ਕਿ ਜ਼ਿਲ੍ਹਿਆਂ 'ਚ ਵੱਧ ਰਹੇ ਕੋਰੋਨਾ ਮਾਮਲੇ ਤੇ ਸਿਹਤ ਪ੍ਰਣਾਲੀ ਦੇ ਪੈ ਰਹੇ ਦਬਾਅ ਕਾਰਨ ਸਖ਼ਤ ਕਦਮ ਚੁੱਕਣ ਦੀ ਤੁਰੰਤ ਲੋੜ ਹੈ।
ਲਾਗ ਦੀ ਲੜੀ ਨੂੰ ਤੋੜਨ ਲਈ ਸਖ਼ਤ ਕਦਮ ਜ਼ਰੂਰੀ ਹਨ
ਇੱਕ ਸੀਨੀਅਰ ਅਧਿਕਾਰੀ ਅਨੁਸਾਰ, "ਸਾਡੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਅਗਲੇ ਕੁਝ ਹਫ਼ਤਿਆਂ 'ਚ ਲਾਗ ਦੀ ਲੜੀ ਨੂੰ ਤੋੜਨ ਲਈ ਬਹੁਤ ਜ਼ਿਆਦਾ ਪੌਜ਼ੇਟਿਵਿਟੀ ਵਾਲੇ ਜ਼ਿਲ੍ਹਿਆਂ 'ਚ ਤਾਲਾਬੰਦੀ ਵਰਗੇ ਉਪਾਅ ਜ਼ਰੂਰੀ ਹਨ।"
ਦੇਸ਼ 'ਚ ਰੋਜ਼ਾਨਾ ਪੌਜ਼ੇਟਿਵਿਟੀ ਦਰ 20 ਫ਼ੀਸਦੀ
ਭਾਰਤ 'ਚ ਹੁਣ ਲਗਪਗ ਇੱਕ ਹਫ਼ਤੇ ਦੌਰਾਨ 3 ਲੱਖ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ ਦੇਸ਼ ਭਰ ਤੋਂ 3.23 ਲੱਖ ਨਵੇਂ ਕੇਸ ਦਰਜ ਕੀਤੇ ਗਏ, ਜਿਨ੍ਹਾਂ 'ਚ ਮਹਾਰਾਸ਼ਟਰ ਵਿੱਚ ਨਵੇਂ ਕੇਸਾਂ ਦੇ ਸਭ ਤੋਂ ਵੱਧ 48,700 ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ 'ਚ 33,551 ਤੇ ਕਰਨਾਟਕ 'ਚ 29,744 ਮਾਮਲੇ ਮਿਲੇ। ਇਥੋਂ ਤਕ ਕਿ ਕੇਰਲ ਵਰਗੇ ਘੱਟ ਆਬਾਦੀ ਵਾਲੇ ਸੂਬੇ 'ਚ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਦੀ ਰੋਜ਼ਾਨਾ ਪੌਜ਼ੇਟਿਵਿਟੀ ਦਰ ਇਸ ਸਮੇਂ 20 ਫ਼ੀਸਦੀ ਹੈ।
8 ਸੂਬਿਆਂ 'ਚ ਦੇਸ਼ ਦੇ 69 ਫ਼ੀਸਦੀ ਐਕਟਿਵ ਕੇਸ
ਐਕਟਿਵ ਕੇਸ ਲੋਡ ਮਾਰਚ ਮਹੀਨੇ ਦੇ ਅੱਧ ਤੋਂ ਲਗਾਤਾਰ ਵੱਧ ਰਿਹਾ ਹੈ ਤੇ ਸੋਮਵਾਰ ਨੂੰ 28.8 ਲੱਖ ਐਕਟਿਵ ਕੇਸ ਸਾਹਮਣੇ ਆਏ ਸਨ। ਦੇਸ਼ ਦੇ 8 ਸੂਬਿਆਂ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ, ਕੇਰਲਾ, ਰਾਜਸਥਾਨ, ਗੁਜਰਾਤ, ਛੱਤੀਸਗੜ੍ਹ ਤੇ ਤਾਮਿਲਨਾਡੂ 'ਚ 69% ਐਕਟਿਵ ਕੇਸ ਹਨ। ਹਰੇਕ ਸੂਬੇ 'ਚ 1 ਲੱਖ ਤੋਂ ਵੱਧ ਐਕਟਿਵ ਕੇਸ ਹਨ।
ਪੌਜ਼ੇਟੀਵਿਟੀ ਦਰ ਸਿਹਤ ਪ੍ਰਣਾਲੀ 'ਤੇ ਦਬਾਅ ਵਧਾਉਂਦੀ ਹੈ
ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੁਝ ਸੂਬਿਆਂ 'ਚ ਵੱਧ ਰਹੀ ਪਾਜ਼ੀਟਿਵਿਟੀ ਦਰ 'ਤੇ ਚਿੰਤਾ ਜ਼ਾਹਰ ਕੀਤੀ ਹੈ। ਪਾਜ਼ੀਟਿਵਿਟੀ ਦਰ ਕਾਰਨ ਸਿਹਤ ਪ੍ਰਣਾਲੀ ਪ੍ਰਭਾਵਤ ਹੋਈ ਹੈ। ਸੋਮਵਾਰ ਨੂੰ ਪੂਰੇ ਦੇਸ਼ 'ਚ ਕੋਰੋਨਾ ਨਾਲ 2,771 ਮੌਤਾਂ ਹੋਈਆਂ, ਜਿਨ੍ਹਾਂ 'ਚੋਂ 10 ਸੂਬਿਆਂ 'ਚ 77.3 ਫ਼ੀਸਦੀ ਮੌਤਾਂ ਹੋਈਆਂ ਸੀ।