ਨਵੀਂ ਦਿੱਲੀ: ਜੇਐਨਯੂ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਇੱਕ ਨਕਾਬਪੋਸ਼ ਲੜਕੀ ਦੀ ਪਛਾਣ ਕਰ ਲਈ ਹੈ। ਹਿੰਸਾ ਦੀ ਵੀਡੀਓ 'ਚ ਨਜ਼ਰ ਆਈ ਇਸ ਲੜਕੀ ਦਾ ਨਾਂ ਕੋਮਲ ਸ਼ਰਮਾ ਹੈ। ਉਹ ਦਿੱਲੀ ਯੂਨੀਵਰਸਿਟੀ ਦੇ ਦੌਲਤਰਾਮ ਕਾਲਜ ਦੀ ਵਿਦਿਆਰਥਣ ਹੈ। ਉਸ 'ਤੇ ਇਲਜ਼ਾਮ ਹੈ ਕਿ ਉਸ ਨੇ ਦੋ ਹੋਰ ਲੋਕਾਂ ਨਾਲ ਸਾਬਰਮਤੀ ਹੋਸਟਲ 'ਚ ਵਿਦਿਆਰਥੀਆਂ ਨੂੰ ਧਮਕਾਇਆ ਸੀ। ਏਬੀਵੀਪੀ ਨੇ ਮੰਨ ਲਿਆ ਹੈ ਕਿ ਕੋਮਲ ਸੰਗਠਨ ਦੀ ਹੀ ਮੈਂਬਰ ਹੈ। ਹਾਲਾਂਕਿ, ਕੋਮਲ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਨਾਂ ਬਦਨਾਮ ਕੀਤਾ ਗਿਆ ਹੈ। ਕਮਿਸ਼ਨ ਨੇ ਮੀਡੀਆ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ ਇਸ ਮਾਮਲੇ 'ਚ ਧਿਆਨ ਦੇਣ ਲਈ ਪੱਤਰ ਲਿਖਿਆ ਹੈ।


ਦਿੱਲੀ ਪੁਲਿਸ ਨੇ ਕਿਹਾ ਕਿ ਜੇਐਨਯੂ ਹਿੰਸਾ ਮਾਮਲੇ 'ਚ ਪੁੱਛਗਿਛ ਲਈ ਵਿਦਿਆਰਥੀ ਚੁਨਮੁਨ ਕੁਮਾਰ ਤੇ ਦੋਲਨ ਸਾਮੰਤਾ ਨੂੰ ਬੁਲਾਇਆ ਗਿਆ ਹੈ। ਦੋਹਾਂ ਨੂੰ ਦਿੱਲੀ ਪੁਲਿਸ ਨੇ ਸ਼ੱਕੀ ਰੂਪ 'ਚ ਨਾਮਜ਼ਦ ਕੀਤਾ ਸੀ। ਐਫਐਸਐਲ ਟੀਮ ਵੀ ਜੇਐਨਯੂ ਜਾਵੇਗੀ। ਨਕਾਬਪੋਸ਼ ਅਕਸ਼ਤ ਅਵਸਥੀ, ਰੋਹਿਤ ਸ਼ਾਹ ਤੇ ਕੋਮਲ ਸ਼ਰਮਾ ਦਾ ਪਤਾ ਲਾਉਣ ਲਈ ਯਤਨ ਜਾਰੀ ਹਨ। ਪੁਲਿਸ ਮੁਤਾਬਕ ਉਨ੍ਹਾਂ ਆਈਪੀਸੀ ਦੀ ਧਾਰਾ 160 ਤਹਿਤ ਕੋਮਲ ਤੇ ਦੋ ਹੋਰਨਾਂ ਨੌਜਵਾਨਾਂ ਨੂੰ ਨੋਟਿਸ ਭੇਜਿਆ ਹੈ। ਤਿੰਨਾਂ ਦੀ ਤਲਾਸ਼ ਜਾਰੀ ਹੈ, ਪਰ ਉਨ੍ਹਾਂ ਦੇ ਫੋਨ ਬੰਦ ਆ ਰਹੇ ਹਨ।

ਏਬੀਵੀਪੀ ਦਿੱਲੀ ਦੇ ਸੂਬਾ ਸੈਕਟਰੀ ਸਿਸਾਰਥ ਯਾਦਵ ਨੇ ਸਵੀਕਾਰ ਕੀਤਾ ਕਿ ਕੋਮਲ ਸੰਗਠਨ ਦੀ ਮੈਂਬਰ ਹੈ। ਉਸ ਦਾ ਕਹਿਣਾ ਹੈ ਕਿ ਜਦ ਤੋਂ ਸੋਸ਼ਲ ਮੀਡਿਆ 'ਤੇ ਤਿੰਨਾਂ ਖ਼ਿਲਾਫ਼ ਟ੍ਰੋਲਿੰਗ ਸ਼ੁਰੂ ਹੋਈ, ਉਦੋਂ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾਇਆ। ਆਖ਼ਰੀ ਵਾਰ ਪਤਾ ਚੱਲਿਆ ਸੀ ਕਿ ਕੋਮਲ ਪਰਿਵਾਰ ਨਾਲ ਹੈ। ਪੁਲਿਸ ਤੋਂ ਮਿਲੇ ਨੋਟਿਸ ਬਾਰੇ ਉਸ ਨਾਲ ਗੱਲਬਾਤ ਨਹੀਂ ਹੋ ਸਕੀ।

ਇਲਜ਼ਾਮਾਂ ਨੂੰ ਲੈ ਕੇ ਜਾਂਚ ਜਲਦ ਪੂਰੀ ਹੋਣੀ ਚਾਹੀਦੀ ਹੈ। ਸੰਗਠਨ ਆਪ ਇਸ ਮਾਮਲੇ 'ਚ ਤਫਤੀਸ਼ ਕਰ ਰਿਹਾ ਹੈ ਕਿ 5 ਜਨਵਰੀ ਨੂੰ ਕੀ ਹੋਇਆ ਸੀ। ਯਾਦਵ ਮੁਤਾਬਕ ਹਿੰਸਾ 'ਚ ਉਨ੍ਹਾਂ ਦੇ ਕਈ ਵਰਕਰਾਂ ਨਾਲ ਕੁੱਟ-ਮਾਰ ਕੀਤੀ ਗਈ। ਉੱਥੇ ਹੀ ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਏਬੀਵੀਪੀ ਦਾ ਕਹਿਣਾ ਹੈ ਕਿ ਰੋਹਿਤ ਸ਼ਾਹ ਦਾ ਹਿੰਸਾ ਨਾਲ ਕੋਈ ਲੈਣਾ-ਦੇਣਾ ਨਹੀਂ। ਸੰਗਠਨ ਨੇ ਪਹਿਲਾਂ ਕਿਹਾ ਸੀ ਕਿ ਅਕਸ਼ਤ ਸੰਗਠਨ ਦਾ ਮੈਂਬਰ ਨਹੀਂ। ਦੋਨੋਂ ਜੇਐਨਯੂ 'ਚ ਫਰਸਟ ਈਅਰ ਦੇ ਵਿਦਿਆਰਥੀ ਹਨ।