ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ 'ਚ ਬੁੱਧਵਾਰ ਨੂੰ ਕੀਤੇ ਗਏ ਬਦਲਾਅ ਵਿੱਚ ਪੰਜਾਬ ਤੇ ਹਰਿਆਣਾ ਨੂੰ ਨਿਰਾਸ਼ ਕੀਤਾ ਹੈ। ਅਕਾਲੀ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਅਸਤੀਫੇ ਕਰਕੇ ਖਾਲੀ ਅਹੁਦੇ 'ਤੇ ਪੰਜਾਬ ਤੋਂ ਕਿਸੇ ਨੂੰ ਮੰਤਰੀ ਨਹੀਂ ਬਣਾਇਆ। ਇਸੇ ਤਰ੍ਹਾਂ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਦੇ ਅਹੁਦੇ ਤੋਂ ਰਤਨ ਲਾਲ ਕਟਾਰੀਆ ਦੇ ਅਸਤੀਫ਼ੇ ਨਾਲ ਹਰਿਆਣਾ ਦੀ ਭਾਗੀਦਾਰੀ ਨੂੰ ਵੀ ਘੱਟ ਕਰ ਦਿੱਤਾ ਗਿਆ। ਇਹ ਸ਼ਾਇਦ ਦੋਵਾਂ ਸੂਬਿਆਂ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਨਤੀਜਾ ਹੈ।


ਰਤਨ ਲਾਲ ਕਟਾਰੀਆ ਦੇ ਅਸਤੀਫ਼ੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਖਾਲੀ ਹੋਈ ਸੀਟ ਹਰਿਆਣਾ ਤੋਂ ਹੀ ਭਰੀ ਜਾਵੇਗੀ, ਪਰ ਉਮੀਦਾਂ ਨੂੰ ਖੰਭ ਨਹੀਂ ਲੱਗੇ। ਹਾਲਾਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਹਰਿਆਣਾ ਦੀ ਮੋਦੀ ਮੰਤਰੀ ਮੰਡਲ 'ਚ ਭਾਗੀਦਾਰੀ ਵਧਾਉਣ ਦੀ ਸੰਭਾਵਨਾ ਘੱਟ ਹੈ ਤੇ ਅਜਿਹਾ ਹੀ ਹੋਇਆ।

ਇਸੇ ਤਰ੍ਹਾਂ ਪੰਜਾਬ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਕੈਬਨਿਟ 'ਚ ਮੰਤਰੀ ਦਾ ਅਹੁਦਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਉਮੀਦਾਂ ਨੂੰ ਨਿਰਾਸ਼ ਹੀ ਹੱਥ ਲੱਗੀ, ਕਿਉਂਕਿ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਟੁੱਟਣ ਤੋਂ ਬਾਅਦ ਹਰਸਿਮਰਤ ਬਾਦਲ ਦੀ ਕੈਬਨਿਟ ਸੀਟ ਖਾਲੀ ਹੋਈ ਸੀ।

ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਪੰਜਾਬ ਨੂੰ ਕੈਬਨਿਟ ਮੰਤਰਾਲਾ ਮਿਲ ਸਕਦਾ ਹੈ। ਸੋਮਪ੍ਰਕਾਸ਼ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਅਤੇ ਪੰਜਾਬ 'ਚ ਇਸ ਵਰਗ ਦਾ ਵੱਡਾ ਵੋਟ ਬੈਂਕ ਹੈ। ਉਮੀਦ ਇਹ ਸੀ ਕਿ ਸੋਮ ਪ੍ਰਕਾਸ਼ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਮੰਤਰੀ ਮੰਡਲ 'ਚ ਜਗ੍ਹਾ ਮਿਲ ਸਕਦੀ ਹੈ।

ਮੋਦੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਦੇ ਵਿਸਥਾਰ 'ਚ ਜਾਤੀ ਸਮੀਕਰਣ 'ਤੇ ਵੱਧ ਜ਼ੋਰ ਦਿੱਤਾ ਗਿਆ ਅਤੇ ਨਾਲ ਹੀ ਚੋਣ ਸਮੀਕਰਨ 'ਤੇ ਵੀ ਪੂਰਾ ਧਿਆਨ ਦਿੱਤਾ ਗਿਆ। ਇਸ ਕੜੀ 'ਚ ਕਿਸੇ ਨੂੰ ਨਿਰਾਸ਼ ਮਿਲੀ ਤਾਂ ਕਿਸੇ ਨੂੰ ਆਪਣੀ ਮਿਹਨਤ ਦਾ ਸਹੀ ਫਲ ਵੀ ਮਿਲਿਆ ਹੈ।

ਹਰਿਆਣਾ ਦੀ ਗੱਲ ਕਰੀਏ ਤਾਂ ਉੱਥੋਂ ਕੈਬਨਿਟ 'ਚ ਕੋਈ ਮੰਤਰੀ ਨਹੀਂ, ਪਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕੰਮ ਕੇਂਦਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਜਾਰੀ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਅੰਦੋਲਨ ਤੇ ਕੋਰੋਨਾ ਕਾਰਨ ਸੂਬਾ ਸਰਕਾਰ ਦਾ ਅਕਸ ਪ੍ਰਭਾਵਿਤ ਹੋਇਆ ਹੈ। ਅਜਿਹੀ ਸਥਿਤੀ 'ਚ ਹੁਣ ਇਨ੍ਹਾਂ ਲੋਕ ਭਲਾਈ ਸਕੀਮਾਂ ਰਾਹੀਂ ਲੋਕਾਂ 'ਚ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।