ਉੱਤਰ-ਪੂਰਬੀ ਇੰਗਲੈਂਡ ਤੇ ਸਕਾਟਲੈਂਡ ਦੇ ਕੰਢਿਆਂ ਉੱਤੇ ਸੈਂਕੜੇ ਸਮੁੰਦਰੀ ਪੰਛੀ ਭੁੱਖੇ ਤੇ ਮਰੇ ਹੋਏ ਪਾਏ ਗਏ ਹਨ। ਇੰਗਲੈਂਡ ਦਾ ਸੈਂਟਰ ਫਾਰ ਇਕੌਲੋਜੀ ਐਂਡ ਹਾਈਡਰੌਲੋਜੀ ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਇਸ ਕੇਂਦਰ ਅਨੁਸਾਰ ਜ਼ਿਆਦਾਤਰ ਪੰਛੀ ਗਿਲਮੋਟਸ ਸਨ। ਗਿਲਮੋਟਸ ਤੋਂ ਇਲਾਵਾ, ਰੇਜ਼ਰਬਿਲ, ਪਫਿਨ ਤੇ ਕਿਟੀਵਾਕਸ ਵੀ ਵੱਡੇ ਪੱਧਰ ਤੇ ਪ੍ਰਭਾਵਤ ਹੋਏ ਹਨ। ਕੁਝ ਮਾਹਿਰਾਂ ਨੇ ਇਸ ਵਰਤਾਰੇ ਲਈ ਜਲਵਾਯੂ ਤਬਦੀਲੀ ਨੂੰ ਜ਼ਿੰਮੇਵਾਰ ਦੱਸਿਆ ਹੈ।

 

 

ਤੱਟ ਉੱਤੇ ਸੈਂਕੜੇ ਸਮੁੰਦਰੀ ਪੰਛੀਆਂ ਦੀ ਮੌਤ ਦਾ ਆਖ਼ਰ ਕੀ ਕਾਰਨ?

ਪੰਛੀਆਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਸੰਸਥਾ ਰਾਇਲ ਸੁਸਾਇਟੀ ਦਾ ਕਹਿਣਾ ਹੈ ਕਿ ਸਹੀ ਕਾਰਨ ਦਾ ਪਤਾ ਨਹੀਂ ਹੈ, ਪਰ ਜਲਵਾਯੂ ਸੰਕਟ ਉਨ੍ਹਾਂ ਕਾਰਣਾਂ ਨੂੰ ਵਧਾ ਰਿਹਾ ਹੈ, ਜੋ ਸਮੁੰਦਰੀ ਪੰਛੀਆਂ ਦੀ ਆਬਾਦੀ ਵਿੱਚ ਗਿਰਾਵਟ ਦਾ ਕਾਰਨ ਬਣਦੇ ਹਨ। ਵਾਤਾਵਰਣ ਵਿਗਿਆਨੀ ਡਾਕਟਰ ਫ੍ਰਾਂਸਿਸ ਡੌਂਟ ਨੇ ਦੱਸਿਆ ਕਿ ਬਹੁਤ ਸਾਰੇ ਗਿਲਮੋਟ ਭੁੱਖੇ ਪਾਏ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਸੰਕੇਤ ਵੇਖੇ ਗਏ ਹਨ ਜੋ ਦਰਸਾਉਂਦੇ ਹਨ ਕਿ ਪੰਛੀ ਭੋਜਨ ਦੀ ਭਾਲ ਵਿੱਚ ਬੇਚੈਨ ਹੋ ਰਹੇ ਹਨ।

 
ਰਾਇਲ ਸੁਸਾਇਟੀ ਨੇ ਕਿਹਾ,"ਖਰਾਬ ਮੌਸਮ, ਪ੍ਰਦੂਸ਼ਣ ਤੇ ਬਿਮਾਰੀ ਸਮੁੰਦਰੀ ਪੰਛੀਆਂ ਨੂੰ ਮਾਰ ਸਕਦੀ ਹੈ। ਬਹੁਤ ਸਾਰੇ ਪੰਛੀ ਦੇਖਣ ਵਾਲਿਆਂ ਨੇ ਸੈਂਕੜੇ ਮਰੇ ਹੋਏ ਜਾਨਵਰਾਂ ਨੂੰ ਸਮੁੰਦਰੀ ਕੰਢਿਆਂ ’ਤੇ ਤੈਰਨ ਦੀ ਰਿਪੋਰਟ ਦਿੱਤੀ ਹੈ, ਜਦੋਂ ਕਿ ਸੈਂਕੜੇ ਤੋਂ ਵੱਧ ਸਮੁੰਦਰ ਵਿੱਚ ਤੈਰਦੇ ਹੋਏ ਵੇਖੇ ਗਏ ਹਨ।

 
ਮਾਹਿਰ ਜਲਵਾਯੂ ਤਬਦੀਲੀ ਨੂੰ ਠਹਿਰਾਇਆ ਜ਼ਿੰਮੇਵਾਰ
ਉਨ੍ਹਾਂ ਦੱਸਿਆ ਕਿ ਵਿਸ਼ਵ ਇਸ ਵੇਲੇ ਜਲਵਾਯੂ ਸੰਕਟ ਵਿੱਚ ਹੈ। ਮਨੁੱਖ ਅਤੇ ਜੰਗਲੀ ਜੀਵ ਪਹਿਲਾਂ ਹੀ ਇਸ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਹੇ ਹਨ। ਅਸੀਂ ਸਰਕਾਰਾਂ ਨੂੰ ਦੁਨੀਆ ਨੂੰ ਇਸ ਮਾਮਲੇ ’ਚ ਸਹਾਇਤਾ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕਰਦੇ ਹਾਂ। 2015 ਦੀ ਇੱਕ ਖੋਜ ਵਿੱਚ ਪਾਇਆ ਗਿਆ ਕਿ ਦੁਨੀਆ ਦੀ ਸਮੁੰਦਰੀ ਪੰਛੀਆਂ ਦੀ ਆਬਾਦੀ ਲਗਪਗ 70 ਪ੍ਰਤੀਸ਼ਤ ਘੱਟ ਗਈ ਹੈ।

 

ਸੈਂਟਰ ਫਾਰ ਇਕੌਲੋਜੀ ਐਂਡ ਹਾਈਡਰੌਲੋਜੀ ਨੇ ਇਨ੍ਹਾਂ ਪੰਛੀਆਂ ਦੀ ਮੌਤ ਲਈ ਬਰਡ ਫਲੂ ਨੂੰ ਕਾਰਨ ਨਹੀਂ ਮੰਨਿਆ ਹੈ ਪਰ ਹੋਰ ਸੰਭਾਵੀ ਕਾਰਨਾਂ ਦੀ ਪੜਤਾਲ ਕਰ ਰਿਹਾ ਹੈ, ਜਿਵੇਂ ਕਿ ਕਿਸੇ ਜ਼ਹਿਰ ਆਦਿ। ਇਹ ਕੇਂਦਰ ਮਰੇ ਹੋਏ ਪੰਛੀਆਂ ਦੀ ਗਿਣਤੀ ਤੇ ਸਥਾਨ ਰਿਕਾਰਡ ਕਰ ਰਿਹਾ ਹੈ ਤੇ ਉਨ੍ਹਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਲਈ ਕਿਹਾ ਹੈ। ਇਹ ਕੇਂਦਰ ਅਗਲੀ ਬਸੰਤ ਰੁੱਤ ਦੌਰਾਨ ਪ੍ਰਜਣਨ ਕਲੋਨੀਆਂ ਦੀ ਨਿਗਰਾਨੀ ਕਰੇਗਾ, ਤਾਂ ਜੋ ਪਤਾ ਲੱਗ ਸਕੇ ਕਿ ਗਿਣਤੀ ਕਿੰਨੀ ਘੱਟ ਗਈ ਹੈ।