ਚੇਨਈ: ਚੇਨਈ ਹਸਪਤਾਲ ਦੀ ਖੋਜ ਤੋਂ ਪਤਾ ਚੱਲਿਆ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਬੱਚਿਆਂ ਵਿੱਚ ਮਾਇਓਪੀਆ (ਦੂਰ ਦੀ ਖ਼ਰਾਬ ਨਜ਼ਰ) ਦੇ ਮਾਮਲਿਆਂ ਵਿੱਚ 25 ਪ੍ਰਤੀਸ਼ਤ ਵਾਧਾ ਹੋਇਆ ਹੈ। ਖੋਜ ਅੱਗੇ ਦੱਸਦੀ ਹੈ ਕਿ ਜਿਹੜੇ ਬੱਚੇ ਬਹੁਤ ਸਾਰਾ ਸਮਾਂ ਔਨਲਾਈਨ ਬਿਤਾਉਂਦੇ ਹਨ, ਉਨ੍ਹਾਂ ਨੂੰ ਮਾਇਓਪੀਆ ਹੋਣ ਦਾ ਜੋਖਮ ਪੰਜ ਗੁਣਾ ਜ਼ਿਆਦਾ ਹੁੰਦਾ ਹੈ। ਮਾਇਓਪੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਵਸਤੂਆਂ ਇੱਕ ਨਿਸ਼ਚਤ ਦੂਰੀ ਤੋਂ ਧੁੰਦਲੀ ਦਿਖਾਈ ਦਿੰਦੀਆਂ ਹਨ।


 

ਮਾਇਓਪੀਆ ਦਾ ਕਾਰਨ ਕੀ ਹੈ?
ਕੰਪਿਊਟਰ ਦੀ ਜ਼ਿਆਦਾ ਵਰਤੋਂ ਜਾਂ ਲੰਮੇ ਸਮੇਂ ਤੱਕ ਅੱਖਾਂ 'ਤੇ ਦਬਾਅ ਇਸ ਦਾ ਮੁੱਖ ਕਾਰਨ ਹੋ ਸਕਦਾ ਹੈ। ਬੱਚਿਆਂ ਵਿੱਚ ਮਾਇਓਪੀਆ ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਕਰਨ ਪਿੱਛੇ ਔਨਲਾਈਨ ਕਲਾਸਾਂ ਦਾ ਵੀ ਕੁਝ ਹੱਥ ਹੈ। ਇਸ ਤੋਂ ਇਲਾਵਾ, ਬਾਹਰ ਨਾਲੋਂ ਘਰ ਦੇ ਅੰਦਰ ਜ਼ਿਆਦਾ ਸਮਾਂ ਬਿਤਾਉਣਾ ਵੀ ਮਾਇਓਪੀਆ ਦੇ ਵਾਪਰਨ ਦਾ ਇੱਕ ਫ਼ੈਸਲਾਕੁੰਨ ਕਾਰਣ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਬਾਹਰੀ ਸੂਰਜ ਦੀ ਰੌਸ਼ਨੀ ਵਿੱਚ ਖੇਡਣ ਲਈ ਹੁਣ ਬੱਚੇ ਬਹੁਤ ਘੱਟ ਸਮਾਂ ਬਿਤਾਉਂਦੇ ਹਨ, ਅਜਿਹੀਆਂ ਸਰੀਰਕ ਗਤੀਵਿਧੀਆਂ ਘੱਟ ਹੋਣ ਕਾਰਨ, ਬੱਚਿਆਂ ਨੂੰ ਮਾਇਓਪੀਆ ਦਾ ਵਧੇਰੇ ਖ਼ਤਰਾ ਹੁੰਦਾ ਹੈ। ਸਕੂਲ ਬੰਦ ਹੋਣ ਕਾਰਨ, ਉਨ੍ਹਾਂ ਦੀ ਪੜ੍ਹਾਈ ਔਨਲਾਈਨ ਹੋ ਰਹੀ ਹੈ ਤੇ ਟੀਵੀ ਵੇਖਣਾ ਜਾਂ ਉਨ੍ਹਾਂ ਲਈ ਗੇਮ ਖੇਡਣਾ ਤੇ ਵਰਚੁਅਲ ਪਲੇਟਫਾਰਮਾਂ ਉੱਤੇ ਸਮਾਂ ਬਿਤਾਉਣਾ ਆਮ ਹੋ ਗਿਆ ਹੈ।

 

ਜਦੋਂ ਪੜ੍ਹਨ ਤੇ ਲਿਖਣ ਦੇ ਸਮੇਂ ਜਦੋਂ ਅੱਖਾਂ ਅਤੇ ਵਸਤੂ ਦੇ ਵਿਚਕਾਰ ਦੀ ਦੂਰੀ 33 ਸੈਂਟੀਮੀਟਰ ਤੋਂ ਘੱਟ ਹੋਵੇ, ਤਾਂ ਅੱਖਾਂ ਦੀਆਂ ਪੁਤਲੀਆਂ ਤੇ ਹੋਰ ਨਾਜ਼ੁਕ ਅੰਗਾਂ ਤੇ ਨਸਾਂ ਉੱਤੇ ਅਸਰ ਪੈਣਾ ਸੁਭਾਵਕ ਹੈ। ਕੋਵਿਡ-19 ਲੌਕਡਾਊਨ ਦੌਰਾਨ, ਬੱਚਿਆਂ ਵਿੱਚ ਵਿਦਿਅਕ ਅਤੇ ਹੋਰ ਉਦੇਸ਼ਾਂ ਲਈ ਕੰਪਿਊਟਰ, ਲੈਪਟੌਪ, ਮੋਬਾਈਲ ਜਾਂ ਟੈਬਲੇਟ ਵੇਖਣਾ ਇੱਕ ਆਮ ਆਦਤ ਬਣ ਗਈ ਹੈ ਤੇ ਉਹ ਵੀ ਬਿਨਾਂ ਕਿਸੇ ਬ੍ਰੇਕ ਦੇ ਲੰਬੇ ਸਮੇਂ ਲਈ। ਡਿਜੀਟਲ ਉਪਕਰਣਾਂ ਦੇ ਅਜਿਹੇ ਸੰਪਰਕ ਨਾਲ ਬੱਚਿਆਂ ਦੀ ਨਜ਼ਰ 'ਤੇ ਖਤਰਨਾਕ ਪ੍ਰਭਾਵ ਪੈ ਸਕਦੇ ਹਨ।

 

ਇਸ ਤੋਂ ਇਲਾਵਾ, ਡਿਜੀਟਲ ਉਪਕਰਣਾਂ ਵਿੱਚੋਂ ਲਗਾਤਾਰ ਰੌਸ਼ਨੀ ਨਿੱਕਲਦੀ ਹੈ, ਜੋ ਮਾਇਓਪੀਆ ਤੋਂ ਇਲਾਵਾ ਹੋਰ ਸਮੱਸਿਆਵਾਂ ਦਾ ਕਾਰਣ ਬਣ ਸਕਦੀ ਹੈ-ਜਿਵੇਂ ਕਿ ਅੱਖਾਂ ਦਾ ਹੱਦੋਂ ਵੱਧ ਖੁਸ਼ਕ ਹੋਣਾ ਤੇ ਰੌਸ਼ਨੀ ਨੂੰ ਵੇਖਣ ਵਿੱਚ ਅਯੋਗਤਾ।

 

ਬੱਚਿਆਂ ਦੀਆਂ ਅੱਖਾਂ ਦੀ ਰਾਖੀ ਕਿਵੇਂ ਕਰੀਏ?
ਮੋਬਾਈਲ ਫ਼ੋਨ ਜਾਂ ਲੈਪਟੌਪ ਨੂੰ ਵਿਚਕਾਰ ਵਿੱਚ ਇੱਕ ਬ੍ਰੇਕ ਦੇ ਨਾਲ ਵੇਖਿਆ ਜਾਣਾ ਚਾਹੀਦਾ ਹੈ। ਉਦਾਹਰਣ ਵਜੋਂ, ਜੇ ਤੁਹਾਡਾ ਬੱਚਾ ਕੰਪਿਊਟਰ ਸਕ੍ਰੀਨ ਜਾਂ ਮੋਬਾਈਲ ਫ਼ੋਨ ਦੇ ਸਾਹਮਣੇ ਜ਼ਿਆਦਾ ਸਮਾਂ ਬਿਤਾਉਂਦਾ ਹੈ, ਉਨ੍ਹਾਂ ਦੀਆਂ ਅੱਖਾਂ ਵਧੇਰੇ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਜਿਹੜੇ ਬੱਚੇ ਬ੍ਰੇਕ ਲੈ-ਲੈ ਕੇ ਪੜ੍ਹਦੇ ਹਨ, ਉਹ ਆਮ ਤੌਰ ਉੱਤੇ ਅਜਿਹੀਆਂ ਗੁੰਝਲਾਂ ਤੋਂ ਬਚੇ ਰਹਿੰਦੇ ਹਨ।

 

ਜੇ ਸੰਭਵ ਹੋਵੇ, ਮਾਪਿਆਂ ਨੂੰ ਬੱਚਿਆਂ ਨੂੰ ਔਨਲਾਈਨ ਕਲਾਸਾਂ ਲਈ ਲੈਪਟੌਪ ਜਾਂ ਕੰਪਿਊਟਰ ਦੀ ਬਜਾਏ ਮੋਬਾਈਲ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਹਰ ਰੋਜ਼ ਘਰ ਦੇ ਬਾਹਰ ਧੁੱਪ ਵਿੱਚ 1 ਤੋਂ 2 ਘੰਟੇ ਖੇਡਣਾ ਚਾਹੀਦਾ ਹੈ। ਇੱਕ ਸਿਹਤਮੰਦ ਤੇ ਸੰਤੁਲਿਤ ਖੁਰਾਕ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਤ ਕਰਦੀ ਹੈ।