ਮਹਿਤਾਬ-ਉਦ-ਦੀਨ

ਚੰਡੀਗੜ੍ਹ: 53 ਸਾਲਾ ਪੈਮ ਗੋਸਲ ਨੇ ਸਕੌਟਲੈਂਡ ’ਚ ਇਤਿਹਾਸ ਰਚ ਵਿਖਾਇਆ ਹੈ। ਉਹ ਸਕੌਟਿਸ਼ ਪਾਰਲੀਮੈਂਟ ’ਚ ਮੈਂਬਰ ਚੁਣੇ ਜਾਣ ਵਾਲੀ ਪਹਿਲੀ ਮਹਿਲਾ ਸਿੱਖ ਬਣ ਗਏ ਹਨ। ਉਨ੍ਹਾਂ ਪੱਛਮੀ ਸਕੌਟਲੈਂਡ ਤੋਂ ਕਨਜ਼ਰਵੇਟਿਵ ਪਾਰਟੀ ਦੇ ਮੈਂਬਰ ਵਜੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 7,455 ਵੋਟਾਂ ਮਿਲੀਆਂ ਹਨ, ਜੋ ਪਈਆਂ ਕੁੱਲ ਵੋਟਾਂ ਦਾ 14.1% ਹਨ।


 
ਪੈਮ ਗੋਸਲ ਨੇ ਟਵੀਟ ਕਰ ਕੇ ਦੁਨੀਆ ਨੂੰ ਇਹ ਜਾਣਕਾਰੀ ਦਿੱਤੀ ਕਿ ਉਹ ਪਹਿਲੀ ਸਿੱਖ ਮਹਿਲਾ ਹਨ, ਜੋ ਸਕੌਟਿਸ਼ ਪਾਰਲੀਮੈਂਟ ਲਈ ਚੁਣੇ ਗਏ ਹਨ। ਉਨ੍ਹਾਂ ਆਪਣੇ ਟਵੀਟ ’ਚ ਆਪਣੇ ਸਮਰਥਕਾਂ ਦੇ ਨਾਲ-ਨਾਲ ਸਭਨਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਆਪਣੇ ਹਲਕੇ ਦੀ ਸੇਵਾ ਕਰਨ ’ਚ ਆਪਣਾ ਸਮਾਂ ਬਿਤਾਇਆ ਕਰਨਗੇ।

 
ਕਿੱਤੇ ਵਜੋਂ ਨਿਜੀ ਕਾਰੋਬਾਰੀ ਪੈਮ ਗੋਸਲ ਦਾ ਜਨਮ ਗਲਾਸਗੋ ’ਚ ਹੋਇਆ ਸੀ ਤੇ ਆਪਣੇ ਜੀਵਨ ਦੇ ਬਹੁਤੇ ਵਰ੍ਹੇ ਉਨ੍ਹਾਂ ਸਕੌਟਲੈਂਡ ’ਚ ਹੀ ਬਿਤਾਏ ਹਨ। ਉਹ ਕੰਜ਼ਿਊਮਰ ਲਾਅ ਵਿਸ਼ੇ ਦੇ ਗ੍ਰੈਜੂਏਟ ਤੇ ਐਮਬੀਏ ਪਾਸ ਹਨ। ਇਸ ਵੇਲੇ ਉਹ ਪੀਐਚਡੀ ਵੀ ਕਰ ਰਹੇ ਹਨ। ਪੈਮ ਗੋਸਲ ਨਾਲ ਪਾਕਿਸਤਾਨੀ ਮੂਲ ਦੀ ਇੱਕ ਹੋਰ ਮਹਿਲਾ ਕੌਕਾਬ ਸਟੀਵਰਟ ਨੇ ਵੀ ਜਿੱਤ ਹਾਸਲ ਕੀਤੀ ਹੈ। ਸਕੌਟਿਸ਼ ਸੰਸਦ ’ਚ ਸਿਰਫ਼ ਇਹੋ ਦੋ ਏਸ਼ੀਅਨ ਹਨ, ਬਾਕੀ ਸਭ ਗੋਰੇ ਮੈਂਬਰ ਹੋਣਗੇ।

 

ਪੈਮ ਗੋਸਲ ਸਦਾ ਮਹਿਲਾ ਅਧਿਕਾਰਾਂ ਦੇ ਮੁੱਦਈ ਰਹੇ ਹਨ। ਉਨ੍ਹਾਂ ਨੂੰ ਸਾਲ 2015 ’ਚ ‘ਵੋਮੈਨ ਲੀਡਰ ਬਿਜ਼ਨੇਸ ਐਵਾਰਡ’ ਤੇ 2018 ’ਚ ‘ਪਬਲਿਕ ਸਰਵਿਸ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹ ਸਕੌਟਲੈਂਡ ਦੀ ‘ਕਨਜ਼ਰਵੇਟਿਵ ਵੋਮੈਨ’ਜ਼ ਆਰਗੇਨਾਇਜ਼ੇਸ਼ਨ’ ਦੇ ਡਿਪਟੀ ਚੇਅਰਪਰਸਨ ਵੀ ਹਨ। ਪੈਮ ਗੋਸਲ ‘ਕਨਜ਼ਰਵੇਟਿਵ ਫ਼੍ਰੈਂਡਜ਼ ਆਫ਼ ਇੰਡੀਆ, ਸਕੌਟਲੈਂਡ’ ਦੇ ਡਾਇਰੈਕਟਰ ਵੀ ਹਨ।

ਉਹ ਕਨਜ਼ਰਵੇਟਿਵ ਪਾਰਟੀ ਤੇ ਸਕੌਟਲੈਂਡ ’ਚ ਬ੍ਰਿਟਿਸ਼-ਭਾਰਤੀ ਭਾਈਚਾਰਿਆਂ ਵਿਚਾਲੇ ਮਜ਼ਬੂਤ ਪੁਲ ਦਾ ਕੰਮ ਕਰਦੇ ਹਨ। ਕਨਜ਼ਰੇਟਿਵ ਪਾਰਟੀ ਦੇ ਮੈਂਬਰ ਵਜੋਂ ਪੈਮ ਗੋਸਲ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਉਹ ਬ੍ਰਿਟਿਸ਼, ਸਕੌਟਿਸ਼ ਤੇ BAM ਮਹਿਲਾਵਾਂ ਦੇ ਯੂਨੀਅਨਿਸਟ ਐਡਵੋਕੇਟ ਵੀ ਰਹੇ ਹਨ।