Punjab Congress Crisis Live: ਸੁਖਜਿੰਦਰ ਰੰਧਾਵਾ ਮੁੱਖ ਮੰਤਰੀ, ਭਾਰਤ ਭੂਸ਼ਨ ਤੇ ਅਰੁਨਾ ਚੌਧਰੀ ਹੋ ਸਕਦੇ ਡਿਪਟੀ ਸੀਐਮ

Punjab Congress Crisis Live: ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੀ ਦੋ ਉੱਪ ਮੁੱਖ ਮੰਤਰੀ ਬਣ ਸਕਦੇ ਹਨ। ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਹੋ ਸਕਦੇ ਹਨ, ਜਦੋਂਕਿ ਉੱਪ ਮੁੱਖ ਮੰਤਰੀਆਂ ਵਿੱਚ ਅਰੁਨਾ ਚੌਧਰੀ ਤੇ ਭਾਰਤ ਭੂਸ਼ਨ ਆਸ਼ੂ ਹੋ ਸਕਦੇ ਹਨ।

ਏਬੀਪੀ ਸਾਂਝਾ Last Updated: 19 Sep 2021 04:23 PM
6:30 ਵਜੇ ਰਾਜਪਾਲ ਨੂੰ ਮਿਲਣ ਪਹੁੰਚਣਗੇ ਹਰੀਸ਼ ਰਾਵਤ

ਸੀਨੀਅਰ ਕਾਂਗਰਸੀ ਲੀਡਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਪੰਜਾਬ ਰਾਜਪਾਲ ਨੂੰ ਮਿਲ਼ਣ ਲਈ ਸਾਢੇ 6 ਵਜੇ ਜਾਣਗੇ।

ਚੰਡੀਗੜ੍ਹ ਦੇ JW ਮੈਰਿਟ ਹੋਟਲ 'ਚ ਹਲਚਲ ਤੇਜ਼

ਨਵਜੋਤ ਸਿੰਘ ਸਿੱਧੂ ਪਹੁੰਚੇ JW ਮੈਰਿਟ, ਕਿਸੇ ਵੇੇਲੇ ਵੀ ਨਵੇਂ ਮੁੱਖ ਮੰਤਰੀ ਦਾ ਹੋ ਸਕਦਾ ਰਸਮੀ ਐਲਾਨ

ਕਿਸੇ ਵੀ ਵੇਲੇ ਹੋ ਸਕਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਦਾ ਰਸਮੀ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਘਰ ਪਰਤੇ ਹਨ। ਰਾਹੁਲ ਗਾਂਧੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਰਾਜਪਾਲ ਤੋਂ ਮਿਲਣ ਲਈ ਸਮਾਂ ਮੰਗਿਆ

ਸੁਖਜਿੰਦਰ ਸਿੰਘ ਰੰਧਾਵਾ ਦਾ ਮੁੱਖ ਮੰਤਰੀ ਬਣਨਾ ਤੈਅ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੇ ਰਾਜਪਾਲ ਤੋਂ ਮਿਲਣ ਲਈ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ ਰੰਧਾਵਾ ਦੀ ਰਿਹਾਇਸ਼ 'ਤੇ ਕਈ ਵਿਧਾਇਕ ਪੁੱਜ ਗਏ ਹਨ। ਇਸ ਸਭ ਤੋਂ ਸਪਸ਼ਟ ਹੈ ਕਿ ਕਾਂਗਰਸ ਦੀ ਨਵੀਂ ਟੀਮ ਮੋਰਚਾ ਸੰਭਾਲਣ ਲਈ ਤਿਆਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੰਧਾਵਾ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈ ਸਕਦੇ ਹਨ।

ਕਦੇ ਵੀ ਕਿਸੇ ਅਹੁਦੇ ਦੀ ਲਾਲਸਾ ਨਹੀਂ ਰਹੀ

ਸੂਤਰਾਂ ਨੇ ਕਿਹਾ ਕਿ ਵਿਧਾਇਕ ਦਲ ਦੇ ਨੇਤਾ ਦਾ ਰਸਮੀ ਐਲਾਨ ਕੁਝ ਸਮੇਂ ਬਾਅਦ ਕੀਤਾ ਜਾਵੇਗਾ। ਉਂਝ ਪੰਜਾਬ ਦੀ ਅਮਰਿੰਦਰ ਸਿੰਘ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਕਦੇ ਵੀ ਕਿਸੇ ਅਹੁਦੇ ਦੀ ਲਾਲਸਾ ਨਹੀਂ ਰਹੀ। 

ਸੁਖਜਿੰਦਰ ਰੰਧਾਵਾ ਦਾ ਨਾਮ ਮੂਹਰੇ ਲਿਆਂਦਾ

ਸੂਤਰਾਂ ਮੁਤਾਬਕ ਘੰਟਿਆਂਬੱਧੀ ਮੀਟਿੰਗਾਂ ਤੇ ਵਿਧਾਇਕਾਂ ਤੋਂ ਰਾਏ ਲੈਣ ਬਾਅਦ ਏਆਈਸੀਸੀ ਨਿਯੁਕਤ ਆਬਜ਼ਰਵਰਾਂ ਨੇ ਕਾਂਗਰਸ ਦੇ ਨਵੇਂ ਵਿਧਾਇਕ ਦਲ ਦੇ ਨੇਤਾ ਵਜੋਂ ਸੁਖਜਿੰਦਰ ਰੰਧਾਵਾ ਦਾ ਨਾਮ ਮੂਹਰੇ ਲਿਆਂਦਾ ਹੈ। ਉਹ ਪੁਰਾਣੇ ਕਾਂਗਰਸੀ ਹਨ। 

ਸੁਖਜਿੰਦਰ ਰੰਧਾਵਾ ਨੇ ਕਿਹਾ


ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਜਿਨ੍ਹਾਂ ਚਿਰ ਐਲਾਨ ਨਹੀਂ ਹੁੰਦਾ, ਓਨਾ ਚਿਰ ਕੁਝ ਵੀ ਕਹਿਣਾ ਔਖਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਉਨ੍ਹਾਂ ਨੂੰ ਮਿਲਣ ਆਏ ਸੀ। 

ਸੋਨੀਆ ਦੀ ਮੋਹਰ ਦੀ ਉਡੀਕ

ਸੂਤਰਾਂ ਮੁਤਾਬਕ ਤਿੰਨੇ ਲੀਡਰਾਂ ਦੇ ਨਾਂ ਸੋਨੀਆ ਗਾਂਧੀ ਕੋਲ ਭੇਜੇ ਗਏ ਹਨ। ਉਨ੍ਹਾਂ ਮੋਹਰ ਲੱਗਣ ਮਗਰੋਂ ਹੀ ਐਲਾਨ ਕੀਤਾ ਜਾਏਗਾ। 

ਮੁੱਖ ਮੰਤਰੀ ਨਾਲ ਦੋ ਉੱਪ ਮੁੱਖ ਮੰਤਰੀ

ਪੰਜਾਬ ਸਰਕਾਰ ਦਾ ਮੂੰਹ-ਮੁਹਾਂਦਰਾ ਸਾਹਮਣੇ ਆ ਗਿਆ ਹੈ। ਅਗਲੇ ਛੇ ਮਹੀਨਿਆਂ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੀ ਦੋ ਉੱਪ ਮੁੱਖ ਮੰਤਰੀ ਬਣ ਸਕਦੇ ਹਨ। ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਹੋ ਸਕਦੇ ਹਨ, ਜਦੋਂਕਿ ਉੱਪ ਮੁੱਖ ਮੰਤਰੀਆਂ ਵਿੱਚ ਅਰੁਨਾ ਚੌਧਰੀ ਤੇ ਭਾਰਤ ਭੂਸ਼ਨ ਆਸ਼ੂ ਹੋ ਸਕਦੇ ਹਨ। 

ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਉੱਪਰ ਮੋਹਰ

ਪੰਜਾਬ ਦੇ ਮੁੱਖ ਮੰਤਰੀ ਬਾਰੇ ਹਾਈਕਮਾਨ ਨੇ ਫੈਸਲਾ ਕਰ ਲਿਆ ਹੈ। ਜਲਦੀ ਹੀ ਇਸ ਦਾ ਐਲਾਨ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸੁਖਜਿੰਦਰ ਸਿੰਘ ਰੰਧਾਵਾ ਅਗਲੇ ਮੁੱਖ ਮੰਤਰੀ ਹੋ ਸਕਦੇ ਹਨ। ਬੇਸ਼ੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਰੰਧਾਵਾ ਦੇ ਨਾਂ 'ਤੇ ਲੱਗਪਗ ਸਹਿਮਤੀ ਬਣ ਗਈ ਹੈ। ਹੁਣ ਸੋਨੀਆ ਗਾਂਧੀ ਇਸ ਬਾਰੇ ਅੰਤਮ ਫੈਸਲਾ ਲਵੇਗੀ।

ਹਾਲੇ ਸਹਿਮਤੀ ਨਹੀਂ ਬਣੀ

ਪਾਰਟੀ ਸੂਤਰਾਂ ਮੁਤਾਬਕ ਵਿਧਾਇਕ ਦਲ ਦੇ ਨਵੇਂ ਨੇਤਾ ਦੇ ਨਾਂ 'ਤੇ ਹਾਲੇ ਸਹਿਮਤੀ ਨਹੀਂ ਬਣੀ। ਉਂਝ ਇਸ ਦਾ ਐਲਾਨ ਅੱਜ ਹੀ ਹੋਏਗਾ। ਕੈਪਟਨ ਦੇ ਅਸਤੀਫੇ ਮਗਰੋਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਮੌਜੂਦਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਮੁੱਖ ਮੰਤਰੀ ਦੇ ਅਹੁਦੇ ਲਈ ਵਿਚਾਰੇ ਜਾ ਰਹੇ ਹਨ ਪਰ ਸਿੱਖ ਚਿਹਰੇ ਕਰਕੇ ਜਾਖੜ ਦੇ ਨਾਂ 'ਤੇ ਬ੍ਰੇਕ ਲੱਗ ਗਈ ਹੈ।

ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਬਿਕਾ ਸੋਨੀ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਕੋਈ ਵਿਵਾਦ ਨਹੀਂ ਤੇ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ। ਦਰਅਸਲ ਮੀਡੀਆ ਵਿੱਚ ਚਰਚਾ ਸੀ ਕਿ ਅੰਬਿਕਾ ਸੋਨੀ ਪੰਜਾਬ ਦੀ ਮੁੱਖ ਮੰਤਰੀ ਬਣ ਸਕਦੀ ਹੈ। ਇਸ ਬਾਰੇ ਸੋਨੀ ਨੇ ਖੁਦ ਹੀ ਸਪਸ਼ਟ ਕਰ ਦਿੱਤਾ ਹੈ।

ਅੰਬਿਕਾ ਸੋਨੀ ਨੂੰ ਮਿਲਿਆ ਆਫਰ

ਸੀਨੀਅਰ ਕਾਂਗਰਸੀ ਲੀਡਰ ਅੰਬਿਕਾ ਸੋਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਹਾਈਕਮਾਨ ਦਾ ਇਹ ਆਫਰ ਠੁਕਰਾ ਦਿੱਤਾ। ਮੀਡੀਆ ਰਿਪੋਰਟਾਂ ਬਾਰੇ ਅੰਬਿਕਾ ਸੋਨੀ ਨੇ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਸਿੱਖ ਬਹੁਗਿਣਤੀ ਵਾਲੇ ਸੂਬੇ ਦਾ ਮੁੱਖ ਮੰਤਰੀ ਨੂੰ ਸਿੱਖ ਹੋਣਾ ਚਾਹੀਦਾ ਹੈ।

ਮੁੱਖ ਮੰਤਰੀ ਬਾਰੇ ਐਲਾਨ 1-2 ਘੰਟਿਆਂ ਤੱਕ

ਪੰਜਾਬ ਦੇ ਅਗਲੇ ਮੁੱਖ ਮੰਤਰੀ ਬਾਰੇ ਐਲਾਨ 1-2 ਘੰਟਿਆਂ ਤੱਕ ਹੋ ਸਕਦਾ ਹੈ। ਇਸ ਬਾਰੇ ਕਾਂਗਰਸ ਹਾਈਕਮਾਨ ਵੱਲੋਂ ਫੈਸਲਾ ਲਿਆ ਜਾਏਗਾ। ਇਹ ਦਾਅਵਾ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ। ਚਰਚਾ ਹੈ ਕਿ ਸੁਖਜਿੰਦਰ ਰੰਧਾਵਾ ਵੀ ਮੁੱਖ ਮੰਤਰੀ ਦੇ ਦਾਅਵੇਦਾਰਾਂ ਵਿੱਚ ਅੱਗੇ ਚੱਲ ਰਹੇ ਹਨ।

ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਝਾਅ

ਅੰਬਿਕਾ ਸੋਨੀ ਨੇ ਆਪਣੇ ਬਾਰੇ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦਾ ਸੁਝਾਅ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਕਿਸੇ ਦਲਿਤ ਸਿੱਖ ਚਿਹਰੇ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ।

ਮੁੱਖ ਮੰਤਰੀ ਕੋਈ ਸਿੱਖ ਚਿਹਰਾ ਹੀ ਹੋਏਗਾ

ਪੰਜਾਬ ਦਾ ਮੁੱਖ ਮੰਤਰੀ ਕੋਈ ਸਿੱਖ ਚਿਹਰਾ ਹੀ ਹੋਏਗਾ। ਇਸ ਲਈ ਸੁਨੀਲ ਜਾਖੜ, ਅੰਬਿਕਾ ਸੋਨੀ, ਵਿਜੇ ਇੰਦਰ ਸਿੰਗਲਾ ਤੇ ਬ੍ਰਹਮ ਮਹਿੰਦਰਾ ਸੂਚੀ ਵਿੱਚੋਂ ਬਾਹਰ ਹੋ ਗਏ ਹਨ। ਸੂਤਰਾਂ ਮੁਤਾਬਕ ਹਾਈਕਮਾਨ ਹੁਣ ਮਾਝੇ ਦੇ ਦੋ ਸਿੱਖ ਲੀਡਰਾਂ ਵਿੱਚੋਂ ਇੱਕ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ। ਇਸ ਬਾਰੇ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ।

ਸੁਨੀਲ ਜਾਖੜ ਦੇ ਘਰ ਪਹੁੰਚੇ ਵਿਧਾਇਕ

ਕਈ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ। ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਅੱਜ ਐਲਾਨ ਹੋਵੇਗਾ। ਇਸ ਲਈ ਕਾਂਗਰਸੀ ਵਿਧਾਇਕਾਂ ਵੱਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। 

ਵਿਧਾਇਕ ਦਲ ਦੀ ਮੀਟਿੰਗ ਨਹੀਂ ਹੋਏਗੀ

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਚੁਣਨ ਲਈ ਹਾਈਕਮਾਨ ਨੂੰ ਵਿਸ਼ੇਸ਼ ਅਧਿਕਾਰ ਹਨ। ਇਸ ਲਈ ਵਿਧਾਇਕ ਦਲ ਦੀ ਹੋਰ ਮੀਟਿੰਗ ਦੀ ਲੋੜ ਨਹੀਂ।

ਚੋਣ ਦਾ ਫੈਸਲਾ ਦਿੱਲੀ ਤੋਂ ਹੀ ਹੋਏਗਾ

ਕਾਂਗਰਸ ਵਿਧਾਇਕ ਦਲ ਦੀ ਅੱਜ ਹੋਣ ਵਾਲੀ ਮੀਟਿੰਗ ਟਾਲ ਦਿੱਤੀ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਅਗਲੇ ਲੀਡਰ ਦੀ ਚੋਣ ਦਾ ਫੈਸਲਾ ਦਿੱਲੀ ਤੋਂ ਹੀ ਹੋਏਗਾ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰ ਹਾਈਕਮਾਨ ਨੂੰ ਦੇ ਦਿੱਤੇ ਹਨ, ਇਸ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੋ ਸਕਦਾ।

ਅੰਬਿਕਾ ਸੋਨੀ ਨੇ ਕੀਤਾ ਇਨਕਾਰ

ਪੰਜਾਬ ਦੇ ਅਗਲੇ ਮੁੱਖ ਮੰਤਰੀ ਦੀ ਚੋਣ ਲਈ ਦਿੱਲੀ ਵਿੱਚ ਚਰਚਾ ਜਾਰੀ ਹੈ। ਅਜਿਹੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਸੀਨੀਅਰ ਲੀਡਰ ਅੰਬਿਕਾ ਸੋਨੀ ਨੇ ਮੁੱਖ ਮੰਤਰੀ ਬਣਨ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੋਈ ਸਿੱਖ ਚਿਹਰਾ ਹੀ ਮੁੱਖ ਮੰਤਰੀ ਹੋਣਾ ਚਾਹੀਦਾ ਹੈ। 

ਨਵਜੋਤ ਸਿੱਧੂ ਦਾ ਲੱਗ ਸਕਦਾ ਦਾਅ

ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੂੰ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ ਸੀਨੀਅਰ ਹਨ ਤੇ ਦੋਵੇਂ ਧੜਿਆਂ ਵਿੱਚ ਉਨ੍ਹਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਨਾਂ ਸਨਿੱਚਰਵਾਰ ਦੇਰ ਰਾਤ ਤੋਂ ਇੱਕ ਵਾਰ ਫਿਰ ਸਾਹਮਣੇ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਸ਼ੁਰੂ ਤੋਂ ਹੀ ਅਗਲੇ ਮੁੱਖ ਮੰਤਰੀ ਦੀ ਸੰਭਾਵਨਾ ਨੂੰ ਦੇਖ ਰਹੀ ਹੈ। ਪਰ ਕਿਸੇ ਹੋਰ ਨਾਂ 'ਤੇ ਸਹਿਮਤੀ ਨਹੀਂ ਬਣਦੀ ਨਹੀਂ ਦਿਸ ਰਹੀ। ਇਸੇ ਲਈ ਹਾਈ-ਕਮਾਂਡ ਹੁਣ ਇਹ ਸੋਚਣ ਲਈ ਮਜਬੂਰ ਹੈ ਕਿ ਕਿਉਂ ਨਾ ਸਰਕਾਰ ਦੀ ਕਮਾਂਡ ਨਵਜੋਤ ਸਿੱਧੂ ਨੂੰ ਹੀ ਸੌਂਪ ਦਿੱਤੀ ਜਾਵੇ।

ਅੰਬਿਕਾ ਸੋਨੀ ਤੇ ਵਿਜੇ ਇੰਦਰ ਸਿੰਗਲਾ ਦੇ ਨਾਵਾਂ ਬਾਰੇ ਵੀ ਚਰਚਾ

ਸੁਖਜਿੰਦਰ ਸਿੰਘ ਰੰਧਾਵਾ ਹੁਣ ਤੱਕ ਨਵਜੋਤ ਸਿੰਘ ਸਿੱਧੂ ਦੇ ਖਾਸ ਮੰਨੇ ਜਾਂਦੇ ਰਹੇ ਹਨ ਤੇ ਕੈਪਟਨ ਖਿਲਾਫ ਆਵਾਜ਼ ਉਠਾਉਣ ਵਾਲਿਆਂ ਵਿੱਚ ਸਭ ਤੋਂ ਵੱਧ ਮੋਹਰੀ ਰਹੇ ਸਨ। ਨਵੇਂ ਮੁੱਖ ਮੰਤਰੀ ਲਈ ਅੰਬਿਕਾ ਸੋਨੀ ਤੇ ਵਿਜੇ ਇੰਦਰ ਸਿੰਗਲਾ ਦੇ ਨਾਵਾਂ ਬਾਰੇ ਵੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ।

ਜਾਖੜ, ਰੰਧਾਵਾ ਤੇ ਬਾਜਵਾ ਦੇ ਨਾਂ 'ਤੇ ਚਰਚਾ

ਸ਼ੁੱਕਰਵਾਰ ਰਾਤ ਤੋਂ ਹੀ ਇਹ ਚਰਚਾ ਚੱਲ ਰਹੀ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਦੇ ਨਾਂ ਸ਼ਨੀਵਾਰ ਸਵੇਰ ਤੋਂ ਜ਼ਿਆਦਾ ਸੁਰਖੀਆਂ ਵਿੱਚ ਰਹੇ ਹਨ। ਸੁਨੀਲ ਜਾਖੜ ਨੂੰ ਸ਼ੁੱਕਰਵਾਰ ਰਾਤ ਨੂੰ ਹੀ ਬੰਗਲੌਰ ਦੌਰੇ ਤੋਂ ਵਾਪਸ ਬੁਲਾ ਲਿਆ ਗਿਆ ਸੀ। ਹਾਲਾਂਕਿ ਉਹ ਵਿਧਾਇਕ ਨਹੀਂ ਹਨ, ਫਿਰ ਵੀ ਉਹ ਦੋਵੇਂ ਕੈਂਪਾਂ ਵਿਚਾਲੇ ਸਹਿਯੋਗੀ ਹਨ। ਨਵਜੋਤ ਸਿੱਧੂ ਤੋਂ ਪਹਿਲਾਂ ਉਹ ਪਹਿਲਾਂ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ।

ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਚਰਚਾ ਵਿੱਚ

ਪੰਜਾਬ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦਾ ਫੈਸਲਾ ਅੱਜ ਹੋ ਜਾਵੇਗਾ। ਕੱਲ੍ਹ ਤੱਕ ਕਾਂਗਰਸ ਵਿਧਾਇਕ ਦਲ ਦੇ ਨਵੇਂ ਨੇਤਾ ਤੇ ਮੁੱਖ ਮੰਤਰੀ ਲਈ ਸੁਨੀਲ ਜਾਖੜ ਦਾ ਨਾਂ ਲਗਪਗ ਤੈਅ ਮੰਨਿਆ ਜਾ ਰਿਹਾ ਸੀ ਪਰ ਦੇਰ ਰਾਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਚਰਚਾ ਵਿੱਚ ਆਉਣ ਲੱਗ ਪਿਆ। ਇਸ ਤੋਂ ਇਲਾਵਾ ਕਈ ਨੇਤਾਵਾਂ ਦੇ ਨਾਵਾਂ ਬਾਰੇ ਕਿਆਸ-ਅਰਾਈਆਂ ਜਾਰੀ ਸਨ। ਹੁਣ ਸਾਰਿਆਂ ਦੀਆਂ ਨਜ਼ਰਾਂ ਨਵੇਂ ਮੁੱਖ ਮੰਤਰੀ ਲਈ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ 'ਤੇ ਹਨ।

ਹਾਈਕਮਾਨ ਕੋਲ ਸਾਰੇ ਅਧਿਕਾਰ

ਵਿਧਾਇਕ ਦਲ ਦਾ ਲੀਡਰ ਚੁਣਨ ਦੇ ਅਧਿਕਾਰ ਹਾਈਕਮਾਨ ਨੂੰ ਸੌਂਪ ਦਿੱਤੇ ਗਏ ਹਨ। ਇਸ ਲਈ ਹੁਣ ਹਾਈਕਮਾਨ ਵੱਲੋਂ ਹੀ ਫੈਸਲਾ ਕੀਤਾ ਜਾਏਗਾ। ਦੱਸ ਦਈਏ ਕਿ ਵਿਧਾਇਕ ਦਲ ਦੀ ਮੀਟਿੰਗ ਵਿੱਚ ਕਾਂਗਰਸ ਦੇ 80 ਵਿੱਚੋਂ 78 ਵਿਧਾਇਕ ਸ਼ਾਮਲ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਮੀਟਿੰਗ ਵਿੱਚ ਨਹੀਂ ਗਏ। ਕੈਪਟਨ ਨੇ ਮੀਟਿੰਗ ਤੋਂ ਪਹਿਲਾਂ ਅਸਤੀਫਾ ਦੇ ਕੇ ਕਹਿ ਦਿੱਤਾ ਸੀ ਕਿ ਹੁਣ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਚੁਣ ਲਵੋ।

ਹਾਈਕਮਾਨ ਦੇ ਫੈਸਲੇ ਦੀ ਉਡੀਕ

ਕਾਂਗਰਸ ਵਿਧਾਇਕ ਦਲ ਦਾ ਲੀਡਰ ਚੁਣਨ ਲਈ ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ। ਹੁਣ ਹਾਈਕਮਾਨ ਦੇ ਫੈਸਲੇ ਦੀ ਉਡੀਕ ਹੈ। ਸੋਨੀਆ ਗਾਂਧੀ ਦੇ ਫੈਸਲੇ ਮਗਰੋਂ ਵਿਧਾਇਕ ਦਲ ਦੇ ਲੀਡਰ ਦਾ ਐਲਾਨ ਹੋਏਗਾ ਜੋ ਪੰਜਾਬ ਦਾ ਮੁੱਖ ਮੰਤਰੀ ਬਣੇਗਾ।

ਵੇਂ ਮੁੱਖ ਮੰਤਰੀ ਚਿਹਰੇ 'ਤੇ ਪੇਚ ਫਸਿਆ

ਪੰਜਾਬ ਦੇ ਨਵੇਂ ਮੁੱਖ ਮੰਤਰੀ ਚੇਹਰੇ 'ਤੇ ਪੇਚ ਫਸ ਗਿਆ ਹੈ। ਦਰਅਸਲ ਸੁਨੀਲ ਜਾਖੜ ਦੇ ਨਾਂ 'ਤੇ ਕੁੱਝ ਮੰਤਰੀਆਂ ਨੇ ਇਤਰਾਜ਼ ਜਤਾਇਆ ਹੈ। ਨਵਜੋਤ ਸਿੱਧੂ ਵੀ ਮਾਝੇ ਦੇ ਉਨ੍ਹਾਂ ਮੰਤਰੀਆਂ ਦੇ ਨਾਲ ਹਨ। ਪਾਰਟੀ ਪ੍ਰਧਾਨ ਅਤੇ ਦੋਨੋਂ ਅਬਜ਼ਰਵਰਾਂ ਨੂੰ ਸ਼ਨੀਵਾਰ ਰਾਤ ਚੰਡੀਗੜ੍ਹ 'ਚ ਹੀ ਰੁਕਣਾ ਪਿਆ ਹੈ। ਇਸ ਲਈ ਹੀ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਪਰ ਉਮੀਦ ਹੈ ਕਿ ਅੱਜ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਜਾਵੇਗਾ।

ਨਵੇਂ ਮੁੱਖ ਮੰਤਰੀ ਦਾ ਅੱਜ ਹੋਏਗਾ ਐਲਾਨ

ਹੁਣ ਕੈਪਟਨ ਨੇ ਅਸਤੀਫਾ ਦੇ ਦਿੱਤਾ ਤੇ ਸਵਾਲ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਸਭ ਦੀਆਂ ਨਜ਼ਰਾਂ ਦਿੱਲੀ ਵੱਲ ਹਨ ਕਿ ਅਗਲਾ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇਗਾ। ਇਸ ਬਾਬਤ ਫੈਸਲਾ ਅੱਜ ਹੋਵੇਗਾ। ਅੱਜ ਯਾਨੀ ਐਤਵਾਰ 11 ਵਜੇ ਕਾਂਗਰਸ ਵਿਧਾਇਕ ਦਲ ਦੀ ਇੱਕ ਵਾਰ ਫੇਰ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਏਗਾ ਜੋ ਪੰਜਾਬ ਦਾ ਮੁੱਖ ਮੰਤਰੀ ਵੀ ਹੋਏਗਾ।

ਪਿਛੋਕੜ

Punjab Congress Crisis Live: ਸ਼ਨੀਵਾਰ ਪੰਜਾਬ ਦੀ ਸਿਆਸਤ 'ਚ ਵੱਡਾ ਦਿਨ ਹੋ ਨਿੱਬੜਿਆ। 2022 ਪੰਜਾਬ ਵਿਧਾਨ ਸਭਾ ਚੋਣ ਲੜਨ ਦੀ ਇਛੁੱਕ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਹੀ ਦੇ ਦਿੱਤਾ। ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਤਾਂ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਰ ਸ਼ਾਇਦ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਕੈਪਟਨ ਅਮਰਿੰਦਰ ਨੂੰ ਇਹ ਕੌੜਾ ਘੁੱਟ ਪੀਣਾ ਪਵੇਗਾ। ਹੁਣ ਕੈਪਟਨ ਨੇ ਅਸਤੀਫਾ ਦੇ ਦਿੱਤਾ ਤੇ ਸਵਾਲ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ?



ਸਭ ਦੀਆਂ ਨਜ਼ਰਾਂ ਦਿੱਲੀ ਵੱਲ ਹਨ ਕਿ ਅਗਲਾ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇਗਾ। ਇਸ ਬਾਬਤ ਫੈਸਲਾ ਅੱਜ ਹੋਵੇਗਾ। ਅੱਜ ਯਾਨੀ ਐਤਵਾਰ 11 ਵਜੇ ਕਾਂਗਰਸ ਵਿਧਾਇਕ ਦਲ ਦੀ ਇੱਕ ਵਾਰ ਫੇਰ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਏਗਾ ਜੋ ਪੰਜਾਬ ਦਾ ਮੁੱਖ ਮੰਤਰੀ ਵੀ ਹੋਏਗਾ।



ਪੰਜਾਬ ਦੇ ਨਵੇਂ ਮੁੱਖ ਮੰਤਰੀ ਚੇਹਰੇ 'ਤੇ ਪੇਚ ਫੱਸ ਗਿਆ ਹੈ। ਦਰਅਸਲ ਸੁਨੀਲ ਜਾਖੜ ਦੇ ਨਾਂਅ 'ਤੇ ਕੁੱਝ ਮੰਤਰੀਆਂ ਨੇ ਇਤਰਾਜ਼ ਜਤਾਇਆ ਹੈ। ਨਵਜੋਤ ਸਿੱਧੂ ਵੀ ਮਾਝੇ ਦੇ ਉਨ੍ਹਾਂ ਮੰਤਰੀਆਂ ਦੇ ਨਾਲ ਹਨ। ਪਾਰਟੀ ਪ੍ਰਧਾਨ ਅਤੇ ਦੋਨੋਂ ਅਬਜ਼ਰਵਰਾਂ ਨੂੰ ਸ਼ਨੀਵਾਰ ਰਾਤ ਚੰਡੀਗੜ੍ਹ 'ਚ ਹੀ ਰੁਕਣਾ ਪਿਆ ਹੈ। ਇਸ ਲਈ ਹੀ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਪਰ ਉਮੀਦ ਹੈ ਕਿ ਅੱਜ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਜਾਵੇਗਾ।


 


ਦਰਅਸਲ ਕਾਂਗਰਸ ਵਿਧਾਇਕ ਦਲ ਦਾ ਲੀਡਰ ਚੁਣਨ ਲਈ ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ। ਹੁਣ ਹਾਈਕਮਾਨ ਦੇ ਫੈਸਲੇ ਦੀ ਉਡੀਕ ਹੈ। ਸੋਨੀਆ ਗਾਂਧੀ ਦੇ ਫੈਸਲੇ ਮਗਰੋਂ ਵਿਧਾਇਕ ਦਲ ਦੇ ਲੀਡਰ ਦਾ ਐਲਾਨ ਹੋਏਗਾ ਜੋ ਪੰਜਾਬ ਦਾ ਮੁੱਖ ਮੰਤਰੀ ਬਣੇਗਾ।



 ਦੱਸ ਦਈਏ ਕਿ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਵਿਧਾਇਕ ਦਲ ਦਾ ਲੀਡਰ ਚੁਣਨ ਦੇ ਅਧਿਕਾਰ ਹਾਈਕਮਾਨ ਨੂੰ ਸੌਂਪ ਦਿੱਤੇ ਗਏ ਹਨ। ਇਸ ਲਈ ਹੁਣ ਹਾਈਕਮਾਨ ਵੱਲੋਂ ਹੀ ਫੈਸਲਾ ਕੀਤਾ ਜਾਏਗਾ। ਦੱਸ ਦਈਏ ਕਿ ਵਿਧਾਇਕ ਦਲ ਦੀ ਮੀਟਿੰਗ ਵਿੱਚ ਕਾਂਗਰਸ ਦੇ 80 ਵਿੱਚੋਂ 78 ਵਿਧਾਇਕ ਸ਼ਾਮਲ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਮੀਟਿੰਗ ਵਿੱਚ ਨਹੀਂ ਗਏ। ਕੈਪਟਨ ਨੇ ਮੀਟਿੰਗ ਤੋਂ ਪਹਿਲਾਂ ਅਸਤੀਫਾ ਦੇ ਕੇ ਕਹਿ ਦਿੱਤਾ ਸੀ ਕਿ ਹੁਣ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਚੁਣ ਲਵੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.