ਨਵੀਂ ਦਿੱਲੀ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਦੇ ਵਿਵਾਦਤ ਬਿਆਨਾਂ ਦੀ ਨਿੰਦਾ ਕਰਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਾਂਗਰਸ ਹਾਈਕਮਾਨ 'ਤੇ ਸਖਤ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਉੱਚ ਲੀਡਰਸ਼ਿਪ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕੀ ਉਹ ਕਾਂਗਰਸੀ ਆਗੂਆਂ ਵੱਲੋਂ ਕੀਤੀ ਗਈ ਟਿੱਪਣੀ ਦਾ ਸਮਰਥਨ ਕਰਦੇ ਹਨ। ਅਜਿਹੇ ਬਿਆਨਾਂ 'ਤੇ ਚੁੱਪ ਨੂੰ ਸਮਰਥਨ ਵਜੋਂ ਦੇਖਿਆ ਜਾਵੇਗਾ।
ਜੇਪੀ ਨੱਡਾ ਨੇ ਟਵੀਟ ਕੀਤਾ, “ਮੈਂ ਕਾਂਗਰਸ ਦੀ ਚੋਟੀ ਦੀ ਰਾਸ਼ਟਰੀ ਲੀਡਰਸ਼ਿਪ ਨੂੰ ਸਪੱਸ਼ਟ ਰੂਪ ਵਿੱਚ ਦੱਸਣ ਦੀ ਅਪੀਲ ਕਰਾਂਗਾ ਕਿ ਕੀ ਉਹ ਕਸ਼ਮੀਰ ਅਤੇ ਪਾਕਿਸਤਾਨ ਬਾਰੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੁਆਰਾ ਕੀਤੀਆਂ ਟਿੱਪਣੀਆਂ ਦਾ ਸਮਰਥਨ ਕਰਦੇ ਹਨ? ਇਸ ਮਾਮਲੇ 'ਤੇ ਚੁੱਪੀ ਅਜਿਹੀ ਇਤਰਾਜ਼ਯੋਗ ਟਿੱਪਣੀਆਂ ਦੇ ਪ੍ਰਤੱਖ ਸਮਰਥਨ ਵਜੋਂ ਵੇਖੀ ਜਾਵੇਗੀ।"
ਇੱਕ ਹੋਰ ਟਵੀਟ ਵਿੱਚ, ਉਨ੍ਹਾਂ ਕਿਹਾ, “ਪੰਜਾਬ ਕਾਂਗਰਸ ਦੇ ਨੇਤਾਵਾਂ ਦੀਆਂ ਹਾਲੀਆ ਟਿੱਪਣੀਆਂ, ਜਿਨ੍ਹਾਂ ਨੂੰ ਰਾਜ ਦੀ ਉੱਚ ਲੀਡਰਸ਼ਿਪ ਦੇ ਨਾਲ ਨਾਲ ਦਿੱਲੀ ਵਿੱਚ ਹਾਈ ਕਮਾਂਡ ਦੀ ਸਰਪ੍ਰਸਤੀ ਪ੍ਰਾਪਤ ਹੈ, ਨਿੰਦਣਯੋਗ ਹਨ। ਉਹ ਵਾਰ-ਵਾਰ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ ਜਿਸਦਾ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਪ੍ਰਭਾਵ ਹੈ।”
ਵਿਵਾਦ ਨਵਜੋਤ ਸਿੱਧੂ ਦੇ ਨਵੇਂ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਖੜ੍ਹਾ ਕੀਤਾ ਹੈ। ਮਾਲਵਿੰਦਰ ਸਿੰਘ ਦੇ ਕਸ਼ਮੀਰ ਨੂੰ ਲੈ ਕੇ ਭਾਰਤ ਵਿਰੋਧੀ ਪੋਸਟਾਂ ਅਤੇ ਸੋਸ਼ਲ ਮੀਡੀਆ 'ਤੇ ਇੰਦਰਾ ਗਾਂਧੀ ਦੀ ਇਤਰਾਜ਼ਯੋਗ ਤਸਵੀਰ ਸਾਂਝੀ ਕਰਨ ਕਾਰਨ ਤਿੱਖਾ ਵਿਰੋਧ ਹੋ ਰਿਹਾ ਹੈ।
ਇੱਕ ਪਾਸੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਝਿੜਕਿਆ ਉਥੇ ਹੀ ਮਨੀਸ਼ ਤਿਵਾੜੀ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਉਠਾਈ।ਇਸ ਮਗਰੋਂ ਸਿੱਧੂ ਪਾਰਟੀ ਦੇ ਅੰਦਰ ਹੀ ਘਿਰ ਗਏ ਹਨ, ਵਿਰੋਧੀਆਂ ਨੂੰ ਵੀ ਨਿਸ਼ਾਨਾ ਬਣਾਉਣ ਦਾ ਮੌਕਾ ਮਿਲ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਿੱਧੂ ਅਜਿਹੇ ਗੰਭੀਰ ਵਿਵਾਦ 'ਤੇ ਚੁੱਪੀ ਧਾਰੀ ਬੈਠੇ ਹਨ।