ਅੰਮ੍ਰਿਤਸਰ: ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੁਣ ਪੰਚਾਇਤਾਂ ਆਪਣੇ ਪੱਧਰ 'ਤੇ ਅੱਗੇ ਆਉਣ ਲੱਗੀਆਂ ਹਨ। ਜਿਸ ਤਹਿਤ ਪੰਚਾਇਤਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਲਾਮਬੱਧ ਕਰਨ ਦੇ ਮਕਸਦ ਨਾਲ ਬਕਾਇਦਾ ਪੰਚਾਇਤੀ ਮਤੇ ਪਾ ਕੇ ਪੁਲਿਸ ਨੂੰ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ 'ਚ ਪੰਚਾਇਤਾਂ ਨੇ ਸਾਫ ਲਿਖ ਕੇ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੇ ਪਿੰਡ ਦਾ ਕੋਈ ਨੌਜਵਾਨ, ਵਿਅਕਤੀ ਜਾਂ ਪਿੰਡਵਾਸੀ ਨਸ਼ਾ ਜਾਂ ਨਾਜਾਇਜ ਸ਼ਰਾਬ ਵੇਚਦਾ ਜਾਂ ਸੇਵਨ ਕਰਦਾ ਪੁਲਿਸ ਦੇ ਅੜਿੱਕੇ ਚੜੇਗਾ ਤਾਂ ਕੋਈ ਪੰਚਾਇਤ ਦਾ ਨੁਮਾਇੰਦਾ ਜਾਂ ਪਿੰਡਵਾਸੀ ਉਸ ਦੀ ਪੈਰਵੀ ਨਹੀਂ ਕਰੇਗਾ। ਤੇ ਨਾ ਹੀ ਉਸ ਦੀ ਜ਼ਮਾਨਤ ਕਰਵਾਏਗਾ।
ਅੰਮ੍ਰਿਤਸਰ 'ਚ ਹੁਣ ਤਕ ਕਰੀਬ 50 ਪੰਚਾਇਤਾਂ ਅਜਿਹੇ ਮਤੇ ਪਾ ਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਨੂੰ ਸੌਂਪ ਚੁੱਕੇ ਹਨ। ਇਨ੍ਹਾਂ ਪੱਚਾਇਤਾਂ ਦੀ ਗਿਣਤੀ ਵੱਧ ਸਕਦੀ ਹੈ। ਦੱਸਣਯੋਗ ਹੈ ਕਿ ਪਿਛਲੇ ਇਕ ਮਹੀਨੇ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਖ ਵੱਖ ਪਿੱਡਾਂ 'ਚ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਨਾਜਾਇਜ ਸ਼ਰਾਬ ਬਰਾਮਦ ਕੀਤੀ ਸੀ ਤਾਂ ਇਸ ਸਫਲ ਮੁਹਿੰਮ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਪੰਚਾਇਤਾਂ ਤੋਂ ਸਹਿਯੋਗ ਮੰਗਿਆ ਸੀ। ਇਸ ਦੇ ਸਿੱਟੇ ਵਜੋਂ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਸੀ।
ਅੰਮ੍ਰਿਤਸਰ ਦੇ ਲੋਪੋਕੇ, ਕੱਥੂਨੰਗਲ, ਜੰਡਿਆਲਾ ਆਦਿ ਥਾਣਿਆਂ ਦੇ ਕਰੀਬ 50 ਪਿੰਡਾਂ ਦੀਆਂ ਪੰਚਾਇਤਾਂ ਮਤੇ ਦੇ ਚੁੱਕੀਆਂ ਹਨ। ਇਸ ਮੁਹਿੰਮ 'ਚ ਸਭ ਤੋੰ ਪਹਿਲਾਂ ਉਹ ਪੰਚਾਇਤਾਂ ਨੇ ਮਤੇ ਦਿੱਤੇ, ਜੋ ਪਹਿਲਾਂ ਤੋਂ ਹੀ ਨਸ਼ਿਆਂ ਦੇ ਖਿਲਾਫ ਲੜ ਰਹੀਆਂ ਹਨ, ਜਿਨਾਂ 'ਚੋਂ ਸਭ ਤੋਂ ਅਵੱਲ ਥਾਣਾ ਲੋਪੋਕੇ ਅਧੀਨ ਆਉਂਦੀ ਪੰਚਾਇਤ ਮੀਕੇ ਸ਼ਾਨ ਕਾਲੋਨੀ ਹੈ। ਇਸ ਪੰਚਾਇਤ ਨੇ ਪਿੰਡ 'ਚ ਨਸ਼ੇ ਰੋਕਣ ਲਈ ਦੋ ਸਾਲ ਤੋਂ ਜ਼ਮੀਨੀ ਪੱਧਰ 'ਤੇ ਕੰਮ ਜਾਰੀ ਰੱਖਿਆ ਹੈ। ਪਿੰਡ 'ਚ 29 ਥਾਵਾਂ 'ਤੇ ਸੀਸੀਟੀਵੀ ਕੈਮਰੇ ਲਾਏ ਹੋਏ ਹਨ ਤਾਂਕਿ ਕੋਈ ਬਾਹਰਲਾ ਵਿਅਕਤੀ ਆ ਕੇ ਨਸ਼ਾ ਨਾ ਦੇ ਕੇ ਜਾਵੇ ਤੇ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਨਸ਼ਿਆਂ ਦਾ ਵਪਾਰ ਕਰਨ ਵਾਲੇ ਪੁਲਿਸ ਕੋਲੋਂ ਗ੍ਰਿਫਤਾਰ ਵੀ ਕਰਵਾਏ।
ਪਿੰਡ ਦੇ ਨੌਜਵਾਨ ਸਰਪੰਚ ਰਾਕੇਸ਼ ਭੱਟੀ ਨੇ ਦੱਸਿਆ ਕਿ ਪਹਿਲਾਂ ਪਿੰਡ 'ਚ ਨਸ਼ਿਆਂ ਦਾ ਬਹੁਤ ਬੁਰਾ ਹਾਲ ਸੀ। ਨਸ਼ੇੜੀ ਤੇ ਵਪਾਰੀ ਬਾਹਰੋਂ ਆ ਕੇ ਨਸ਼ੇ ਵੇਚਦੇ ਸੀ, ਪਰ ਬਾਅਦ 'ਚ ਉਨ੍ਹਾਂ ਨੇ ਸਾਰੇ ਪਿੰਡ ਵਾਸੀਆਂ ਨਾਲ ਮਸ਼ਵਰਾ ਕਰਕੇ ਹੰਭਲਾ ਮਾਰਿਆ। ਸੀਸੀਟੀਵੀ ਕੈਮਰੇ ਲਗਵਾਏ ਤੇ ਨਸ਼ੇੜੀ ਪੁਲਿਸ ਹਵਾਲੇ ਕਰਵਾਏ। ਹੁਣ ਪਿਛਲੇ ਦੋ ਤਿੰਨ ਸਾਲਾਂ ਤੋਂ ਉਨ੍ਹਾਂ ਦੇ ਪਿੰਡ ਕੋਈ ਨਸ਼ਿਆਂ ਦਾ ਪੀਣ/ਵੇਚਣ ਦਾ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਹੁਣ ਅਸੀਂ ਇਕ ਕਦਮ ਹੋਰ ਅੱਗੇ ਪੁੱਟਦੇ ਹੋਏ ਮਤੇ ਪਾ ਕੇ ਦੇ ਦਿੱਤੇ ਹਨ ਕਿ ਕੋਈ ਵੀ ਮੋਹਤਬਾਰ ਨਸ਼ੇ ਪੀਣ ਜਾਂ ਵੇਚਣ ਵਾਲਿਆਂ ਦੇ ਮਗਰ ਨਹੀਂ ਜਾਵੇਗਾ, ਨਾ ਹੀ ਪੈਰਵੀ ਕਰੇਗਾ।
ਇਸ ਦੀ ਸੂਚਨਾ ਬਕਾਇਦਾ ਪਿੰਡ ਵਾਸੀਆਂ ਨੂੰ ਦੇ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਵੀ ਇਸ ਫੈਸਲੇ 'ਤੇ ਸਹਿਮਤੀ ਜਤਾਈ ਤੇ ਨਸ਼ਿਆ ਖਿਲਾਫ ਵਿੱਢੀ ਇਸ ਮੁਹਿੰਮ ਤੋਂ ਸਾਰਥਕ ਨਤੀਜਿਆਂ ਦੀ ਉਮੀਦ ਕੀਤੀ। ਪਿੰਡ ਕੱਲੋਵਾਲ ਦੇ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਸਾਡੇ ਪਿੰਡ 'ਚ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦਾ ਕੋਈ ਕੇਸ ਨਹੀਂ ਆਇਆ ਪਰ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਖਾਤਰ ਅਜਿਹਾ ਕਰ ਰਹੇ ਹਾਂ ਤੇ ਬਾਕੀ ਪੰਚਾਇਤਾਂ ਨੂੰ ਅਜਿਹੇ ਮਤੇ ਪਾਉਣੇ ਚਾਹੀਦੇ ਹਨ। ਬਾਕੀ ਪਿੰਡ ਵਾਸੀਆਂ ਵੀ ਪੰਚਾਇਤ ਦੇ ਮਤੇ ਦਾ ਸਮਰਥਨ ਕੀਤਾ।