ਮੋਗਾ: ਪੰਜਾਬ ਪੁਲਿਸ ਦਾ ਕਰੂਰ ਚਿਹਰਾ ਸਾਹਮਣੇ ਆਇਆ ਹੈ। ਮੋਗਾ ਦੇ ਥਾਣਾ ਸਿਟੀ ਵਿੱਚ ਕੋਰੀਅਰ ਕੰਪਨੀ ਦੇ ਮੈਨੇਜਰ ਤੇ ਸੁਰੱਖਿਆ ਗਾਰਡ ਨੂੰ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਹਨ। ਇਸ ਦਾ ਵੀਡੀਓ ਵਾਇਰਲ ਹੋਣ ’ਤੇ ਹਾਹਾਕਾਰ ਮੱਚ ਗਈ ਤੇ ਪੁਲਿਸ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ।

 

ਮੋਗਾ ਦੇ ਪੁਲਿਸ ਮੁਖੀ ਹਰਮਨਬੀਰ ਸਿੰਘ ਨੇ ਸਖਤ ਕਾਰਵਾਈ ਕਰਦਿਆਂ ਥਾਣਾ ਮੁਖੀ ਇੰਸਪੈਕਟਰ ਜਸਵੰਤ ਸਿੰਘ ਤੇ ਮੁੱਖ ਮੁਨਸ਼ੀ ਯਾਦਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਏਐਸਆਈ ਅਮਰਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ।

 

ਇਸ ਬਾਰੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਨ ਵਾਲੇ ਸਮਾਜ ਸੇਵੀ ਮਹਿੰਦਰਪਾਲ ਲੂੰਬਾਂ ਨੇ ਦੱਸਿਆ ਕਿ ਉਨ੍ਹਾਂ ਥਾਣੇ ਅੰਦਰੋਂ ਤਸੀਹੇ ਦੇਣ ਦੀ ਘਟਨਾ  ਦੀ ਵੀਡੀਓ ਬਣਾਈ। ਉਨ੍ਹਾਂ ਦੱਸਿਆ ਕਿ 25 ਮਾਰਚ ਦੇਰ ਸ਼ਾਮ ਨੂੰ ਕੋਰੀਅਰ ਕੰਪਨੀ ਦੇ ਮੈਨੇਜਰ ਲਵਕਿਰਨ ਸਿੰਘ ਵਾਸੀ ਪਿੰਡ ਦੁਸਾਂਝ ਤੇ ਸੁਰੱਖਿਆ ਗਾਰਡ ਰਿੰਕੂ ਸਿੰਘ ਦਾ ਕੰਪਨੀ ਦਫ਼ਤਰ ਅੱਗੇ ਕਾਰ ਪਾਰਕਿੰਗ ਕਰਨ ਤੋਂ ਰਸੂਖਵਾਨਾਂ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਮਗਰੋਂ ਏਐਸਆਈ ਅਮਰਜੀਤ ਸਿੰਘ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਥਾਣੇ ਲਿਆ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਤੇ ਉਨ੍ਹਾਂ ਦੀਆਂ ਲੱਤਾਂ ਕਾਠ ਵਿੱਚ ਫਸਾ ਕੇ ਤਸੀਹੇ ਦਿੱਤੇ।

 

ਉਸ ਵੱਲੋਂ ਇਹ ਵੀਡੀਓ ਵਾਇਰਲ ਕਰਨ ਮਗਰੋਂ ਐਸਐਸਪੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਐਸਪੀ ਹੈੱਡਕੁਆਰਟਰ ਗੁਰਦੀਪ ਸਿੰਘ, ਡੀਐਸਪੀ ਸਿਟੀ ਬਲਜਿੰਦਰ ਸਿੰਘ ਭੁੱਲਰ ਥਾਣੇ ਪੁੱਜੇ ਤੇ ਉਸ ਨੂੰ ਵੀ ਸੱਦਿਆ ਗਿਆ। ਹੁਣ ਪੁਲਿਸ ਅਧਿਕਾਰੀਆਂ ਨੇ ਕਸੂਰਵਾਰ ਏਐਸਆਈ ਨੂੰ ਬਰਖ਼ਾਸਤ ਕਰਨ, ਥਾਣਾ ਮੁਖੀ ਤੇ ਮੁਨਸ਼ੀ ਨੂੰ ਲਾਈਨ ਹਾਜ਼ਰ ਕਰਨ ਦੀ ਪੁਸ਼ਟੀ ਕੀਤੀ ਹੈ।