ਹੁਸੈਨੀਵਾਲਾ ਹੈਡਵਰਕਸ ਤੋਂ ਬੁੱਧਵਾਰ ਦੀ ਸ਼ਾਮ 7 ਵਜੇ 1,99,872 ਕਿਉਸਿਕ ਪਾਣੀ ਛਡਿਆ ਗਿਆ। ਇਹ ਜਾਣਕਾਰੀ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਓਧਰ ਬੁੱਧਵਾਰ ਦੀ ਸ਼ਾਮ ਫਾਜਿ਼ਲਕਾ ਦੇ ਵਿਧਾਇਕ  ਨਰਿੰਦਰ ਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕੌਮਾਂਤਰੀ ਸਰਹੱਦ ਨਾਲ ਅਗਲੇਰੀਆਂ ਚੌਕੀਆਂ ਤੱਕ ਜਾ ਕੇ ਲੋਕਾਂ ਦੀ ਹੌਂਸਲਾਂ ਅਫਜਾਈ ਕੀਤੀ।


ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਫਾਜਿ਼ਲਕਾ ਜਿ਼ਲ੍ਹੇ ਵਿਚ ਸਥਿਤੀ ਪੂਰੀ ਤਰਾਂ ਨਾਲ ਕਾਬੂ ਹੇਠ ਹੈ ਪਰ ਵੀਰਵਾਰ ਦਾ ਦਿਨ ਹੋਰ ਚਿੰਤਾ ਵਾਲਾ ਹੈ। ਇਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਥਾਂਵਾਂ ਤੇ ਰਾਹਤ ਕਾਰਜਾਂ ਲਈ ਅਗੇਤੇ ਪ੍ਰਬੰਧ ਕਰ ਰਹੀਆਂ ਟੀਮਾਂ ਨਾਲ ਵੀ ਉਨ੍ਹਾਂ ਨੇ ਗੱਲਬਾਤ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜਿੱਥੇ ਪ੍ਰਬੰਧ ਕਰ ਰਹੇ ਵਿਭਾਗ ਚੌਕਸ ਅਤੇ ਮੁਸਤੈਦ ਵਿਖਾਈ ਦਿੱਤੇ ਉਥੇ ਹੀ ਸਰਹੱਦੀ ਲੋਕਾਂ ਦੇ ਹੌਂਸਲੇ ਬੁਲੰਦ ਵਿਖਾਈ ਦਿੱਤੇ ਅਤੇ ਉਨ੍ਹਾਂ  ਨੇ ਪ੍ਰਸ਼ਾਸਨ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।


ਇਸ ਮੌਕੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕਾਂਵਾਂ ਵਾਲੀ ਪੁਲ ਦਾ ਦੌਰਾ ਕੀਤਾ ਜਿੱਥੇ ਹਾਲੇ ਵੀ ਪਾਣੀ ਪੁਲ ਦੀ ਛੱਤ ਤੋਂ ਢਾਈ ਫੁੱਟ ਨੀਵਾਂ ਵਹਿ ਰਿਹਾ ਹੈ ਅਤੇ ਸਤਲਜ ਦੀ ਇਸ ਕਰੀਕ ਦਾ ਪਾਣੀ ਇੱਥੇ ਕਿਨਾਰਿਆਂ ਦੇ ਅੰਦਰ ਹੀ ਹੈ।ਇਸ ਦੌਰਾਨ ਉਨ੍ਹਾਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਵੱਲੋਂ ਖਤਰੇ ਦਾ ਸੰਦੇਸ਼ ਮਿਲਣ ਤੇ ਤੁਰੰਤ ਸੁਰੱਖਿਅਤ ਥਾਂਵਾਂ ਤੇ ਆ ਜਾਣ ਅਤੇ ਇਕ ਦੋ ਦਿਨ ਤਾਰ ਪਾਰ ਖੇਤੀ ਲਈ ਨਾ ਜਾਣ।


ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਲ ਸ਼ੋ੍ਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਦੀ ਵਿਚ ਜਲ ਦੇ ਵਹਾਅ ਤੇ ਤਿੱਖੀ ਨਜਰ ਰੱਖੀ ਜਾਵੇ ਅਤੇ ਕਿਸੇ ਵੀ ਸੰਭਾਵੀ ਖਤਰੇ ਤੋਂ ਲੋਕਾਂ ਨੂੰ ਨਾਲੋ ਨਾਲ ਜਾਣੂ ਕਰਵਾਇਆ ਜਾਵੇ। ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਦੀ ਮੰਗ ਤੇ ਇਸ ਖੇਤਰ ਵਿਚ ਖੇਤਾਂ ਲਈ ਬਿਜਲੀ ਦਿਨ ਸਮੇਂ ਦੇਣ ਦੀ ਹਦਾਇਤ ਵੀ ਕੀਤੀ।


ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੜ੍ਹ ਰਾਹਤ ਪ੍ਰਬੰਧਾਂ ਲਈ ਪੂਰੇ ਇੰਤਜਾਮ ਕੀਤੇ ਗਏ ਹਨ ਅਤੇ ਤਾਂਹੀ ਹਾਲੇ ਤੱਥ ਸਥਿਤੀ ਕਾਬੂ ਹੇਠ ਹੈ ਅਤੇ ਸਰਕਾਰ ਇਸ ਮੌਕੇ ਲੋਕਾਂ ਦੇ ਨਾਲ ਖੜ੍ਹੀ ਹੈ।ਉਨ੍ਹਾਂ ਨੇ ਲੋਕਾਂ ਨੂੰ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਪਰ ਪ੍ਰਸ਼ਾਸਨ ਅਤੇ ਬੀਐਸਐਫ ਵੱਲੋਂ ਦੱਸੇ ਖਤਰੇ ਅਨੁਸਾਰ ਸੁਰੱਖਿਅਤ ਥਾਂ ਆਉਣ ਦੀ ਅਪੀਲ ਕੀਤੀ।