ਖੰਨਾ : ਮਾਛੀਵਾੜਾ ਵਿੱਚ ਪੈਂਦੇ ਪਿੰਡ ਟਾਂਡਾ ਦੇ 12 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ ਹੈ। ਦੋ ਸਾਲ ਪਹਿਲਾਂ ਬੱਚੇ ਦੀ ਮਾਂ ਨੇ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਤਮ-ਹੱਤਿਆ ਕਰ ਲਈ ਸੀ। ਬੱਚਾ ਮਾਂ ਦੀ ਮੌਤ ਦੀ ਗਮ ਭੁਲਾ ਨਹੀਂ ਸਕਿਆ ਜਿਸ ਕਰਕੇ ਉਸ ਨੇ ਵੀ ਆਪਣੀ ਜੀਵਨ ਲੀਲਾ ਖਤਮ ਕਰ ਰਹੀ।

ਹਾਸਲ ਜਾਣਕਾਰੀ ਮੁਤਾਬਕ ਪਿੰਡ ਟਾਂਡਾ ਨਿਵਾਸੀ ਪਰਸਾ ਸਿੰਘ ਦੇ ਨਾਬਾਲਗ 12 ਸਾਲਾ ਪੁੱਤਰ ਅਰਮਾਨਦੀਪ ਸਿੰਘ ਨੇ ਘਰ ਵਿੱਚ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਬੱਚੇ ਦੇ ਪਿਤਾ ਪਰਸਾ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਗਿਆ ਹੋਇਆ। ਉਸ ਨੂੰ ਸ਼ਾਮ 7 ਵਜੇ ਫੋਨ ਆਇਆ ਕਿ ਉਸ ਦੇ ਲੜਕੇ ਅਰਮਾਨਦੀਪ ਨੇ ਘਰ ਦੇ ਕਮਰੇ ਵਿੱਚ ਛੱਤ ’ਚ ਲੱਗੀ ਪੱਖੇ ਦੀ ਹੁੱਕ ਨਾਲ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਹੈ। ਪਰਸਾ ਸਿੰਘ ਅਨੁਸਾਰ ਜਦੋਂ ਉਹ ਘਰ ਪੁੱਜਾ ਤਾਂ ਅਰਮਾਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਬੱਚੇ ਅਰਮਾਨਦੀਪ ਸਿੰਘ ਦੀ ਮਾਤਾ ਨੇ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਤਮ-ਹੱਤਿਆ ਕਰ ਲਈ ਸੀ ਕਿਉਂਕਿ ਉਸ ਦਾ ਵੱਡਾ ਲੜਕਾ ਮੰਦਬੁੱਧੀ ਤੇ ਕਾਫ਼ੀ ਬੀਮਾਰ ਰਹਿੰਦਾ ਹੈ। ਇਸ ਪ੍ਰੇਸ਼ਾਨੀ ਕਾਰਨ ਮਾਂ ਨੇ ਆਤਮ-ਹੱਤਿਆ ਕੀਤੀ ਤੇ ਉਸ ਤੋਂ ਬਾਅਦ ਅਰਮਾਨਦੀਪ ਸਿੰਘ ਦੇ ਜਿੰਮੇ ਆਪਣੇ ਵੱਡੇ ਭਰਾ ਦਾ ਪਾਲਣ-ਪੋਸ਼ਣ ਦੀ ਜਿੰਮੇਵਾਰੀ ਆ ਪਈ ਤੇ ਨਾਲ ਹੀ ਆਪਣੀ ਮਰੀ ਹੋਈ ਮਾਂ ਨੂੰ ਬਹੁਤ ਯਾਦ ਕਰਦਾ ਰਹਿੰਦਾ ਸੀ।

ਪਿਤਾ ਪਰਸਾ ਸਿੰਘ ਨੇ ਦੱਸਿਆ ਕਿ ਮਾਂ ਦੀ ਮੌਤ ਤੋਂ ਬਾਅਦ ਅਰਮਾਨਦੀਪ ਸਿੰਘ ਉਸ ਨੂੰ ਭੁੱਲ ਨਾ ਸਕਿਆ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਜਿਸ ਕਾਰਨ ਉਸ ਨੇ ਆਤਮ-ਹੱਤਿਆ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਰਸੇਮ ਕੁਮਾਰ ਨੇ ਦੱਸਿਆ ਕਿ ਅਰਮਾਨਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਤਮ-ਹੱਤਿਆ ਦਾ ਕਾਰਨ ਬੱਚੇ ਦਾ ਆਪਣੀ ਮਾਂ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਸਾਹਮਣੇ ਆਇਆ।