194 ਕਿਲੋ ਹੈਰੋਇਨ ਮਾਮਲਾ, ਅੰਮ੍ਰਿਤਸਰ ਕੋਰਟ ਨੇ ਅਕਾਲੀ ਲੀਡਰ ਅਨਵਰ ਮਸਿਹ ਦੀ ਜ਼ਮਾਨਤ ਪਟੀਸ਼ਨ ਕੀਤੀ ਰੱਦ


ਅੰਮ੍ਰਿਤਸਰ: ਅਦਾਲਤ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ 194 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦੇ ਆਰੋਪੀ ਅਕਾਲੀ ਲੀਡਰ ਅਨਵਰ ਮਸੀਹ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਇਸਦੇ ਨਾਲ ਹੀ ਉਸਨੂੰ 3 ਅਗਸਤ ਤੱਕ ਆਤਮ ਸਮਰਪਣ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਦੂਜੇ ਪਾਸੇ ਹੁਣ ਇਹ ਮਾਮਲਾ ਐਨਆਈਏ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਛੇਤੀ ਹੀ ਇਸ ਦੀ ਜਾਂਚ ਲਈ ਇੱਕ ਟੀਮ ਅੰਮ੍ਰਿਤਸਰ ਵੀ ਪਹੁੰਚ ਸਕਦੀ ਹੈ, ਪਰ ਉਦੋਂ ਤੱਕ ਐਸਟੀਐਫ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਜ਼ਿਕਰਯੋਗ ਹੈ ਕਿ 30 ਜਨਵਰੀ 2020 ਨੂੰ ਐਸਟੀਐਫ ਨੇ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਇੱਕ ਕੋਠੀ ਤੋਂ 194 ਕਿਲੋ ਹੈਰੋਇਨ ਅਤੇ 200 ਕਿਲੋ ਤੋਂ ਜ਼ਿਆਦਾ ਸਿੰਥੈਟਿਕ ਕੈਮੀਕਲ ਬਰਾਮਦ ਕੀਤੇ ਸਨ। ਇਸ ਮਾਮਲੇ ਵਿੱਚ ਇੱਕ ਅਫਗਾਨ ਨਾਗਰਿਕ ਸਮੇਤ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੋਠੀ ਦਾ ਮਾਲਕ ਅਨਵਰ ਮਸੀਹ ਸੀ, ਜੋ ਪੰਜਾਬ ਸੇਵਾ ਚੋਣ ਬੋਰਡ ਦਾ ਮੈਂਬਰ ਸੀ।


ਇਸ ਤੋਂ ਬਾਅਦ ਅਨਵਰ ਮਸੀਹ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ। ਅਨਵਰ ਮਸੀਹ ਨੇ ਆਪਣੇ ਵਕੀਲ ਰਾਹੀਂ 25 ਮਾਰਚ 2020 ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ। ਇਸ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ, ਵਧੀਕ ਸੈਸ਼ਨ ਜੱਜ ਪੁਸ਼ਵਿੰਦਰ ਸਿੰਘ ਦੀ ਅਦਾਲਤ ਨੇ 22 ਦਸੰਬਰ 2020 ਨੂੰ ਉਸਦੀ ਬਿਮਾਰੀ ਅਤੇ ਇਲਾਜ ਨੂੰ ਧਿਆਨ ਵਿੱਚ ਰੱਖਦੇ ਹੋਏ 6 ਹਫਤਿਆਂ ਲਈ ਜ਼ਮਾਨਤ ਦਿੰਦੇ ਹੋਏ ਸਮੇਂ ਦੇ ਅੰਤ ਵਿੱਚ ਆਤਮ ਸਮਰਪਣ ਕਰਨ ਦੇ ਆਦੇਸ਼ ਜਾਰੀ ਕੀਤੇ।


ਦੂਜੇ ਪਾਸੇ ਸਰਕਾਰੀ ਵਕੀਲ ਅਤੇ ਐਸਟੀਐਫ ਟੀਮ ਨੇ ਜ਼ਮਾਨਤ ਦੀ ਮਿਆਦ ਵਧਾਉਣ ਦਾ ਵਿਰੋਧ ਕੀਤਾ। ਐਸਟੀਐਫ ਟੀਮ ਨੇ ਅਦਾਲਤ ਵਿੱਚ ਸਬੂਤ ਪੇਸ਼ ਕੀਤੇ ਕਿ ਅਨਵਰ ਮਸੀਹ ਨੇ ਬਿਮਾਰੀ ਦੇ ਬਹਾਨੇ ਇਲਾਜ ਲਈ ਜ਼ਮਾਨਤ ਹਾਸਲ ਕੀਤੀ ਸੀ, ਜਦੋਂ ਕਿ ਅਨਵਰ ਮਸੀਹ ਇਲਾਜ ਕਰਵਾਉਣ ਦੀ ਬਜਾਏ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਿਹਾ ਹੈ। ਇਸ ਤੋਂ ਬਾਅਦ ਅਦਾਲਤ ਨੇ ਅਨਵਰ ਨੂੰ ਦਸ ਦਿਨਾਂ ਬਾਅਦ ਕੇਂਦਰੀ ਜੇਲ੍ਹ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ, ਪਰ ਇਸ ਦੌਰਾਨ ਅਨਵਰ ਨੇ ਅਦਾਲਤ ਵਿੱਚ ਆਪਣੀ ਜ਼ਮਾਨਤ ਵਧਾਉਣ ਲਈ ਅਰਜ਼ੀ ਦਿੱਤੀ। ਦੂਜੀ ਅਰਜ਼ੀ ਵਿੱਚ ਉਸ ਨੇ ਅਗਾਂਉਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਸਮਾਂ ਵਧਾਉਣ ਦੀ ਅਰਜ਼ੀ 'ਤੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਉਸ ਨੂੰ 3 ਅਗਸਤ ਨੂੰ ਆਤਮ ਸਮਰਪਣ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਜੇਕਰ ਅਨਵਰ 3 ਅਗਸਤ ਤੱਕ ਅਦਾਲਤ ਵਿੱਚ ਆਤਮ ਸਮਰਪਣ ਨਹੀਂ ਕਰਦਾ ਤਾਂ ਐਸਟੀਐਫ ਉਸਨੂੰ ਗ੍ਰਿਫਤਾਰ ਕਰ ਸਕਦਾ ਹੈ।